ਨਵੀਂ ਦਿੱਲੀ, 5 ਸਤੰਬਰ – ਭਾਰਤ ਨੇ ਵਿਸ਼ਵ ਕੱਪ 2023 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਵਿੱਚ ਤਜ਼ਰਬੇਕਾਰ ਖਿਡਾਰੀਆਂ ਨੂੰ ਪਹਿਲ ਦਿੱਤੀ ਗਈ ਹੈ। ਹਾਰਦਿਕ ਪੰਡਯਾ ਟੀਮ ਇੰਡੀਆ ਦੇ ਉਪ ਕਪਤਾਨ ਹੋਣਗੇ। ਕੇ ਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਵੀ ਟੀਮ ਦਾ ਹਿੱਸਾ ਹਨ। ਵਿਰਾਟ ਕੋਹਲੀ, ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੌਕਾ ਮਿਲਿਆ ਹੈ। ਸ਼ਾਰਦੁਲ ਠਾਕੁਰ ਵੀ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ।
ਬੀ ਸੀ ਸੀ ਆਈ ਦੀ ਚੋਣ ਕਮੇਟੀ ਨੇ ਵਿਸ਼ਵ ਕੱਪ ਲਈ ਸੰਤੁਲਿਤ ਟੀਮ ਦੀ ਚੋਣ ਕੀਤੀ ਹੈ। ਸ਼ੁਭਮਨ ਗਿੱਲ ਰੋਹਿਤ ਨਾਲ ਓਪਨ ਕਰ ਸਕਦੇ ਹਨ। ਇਸ਼ਾਨ ਕਿਸ਼ਨ ਵੀ ਟੀਮ ਵਿੱਚ ਹਨ। ਓਪਨਿੰਗ ਦੇ ਨਾਲ-ਨਾਲ ਈਸ਼ਾਨ ਮੱਧਕ੍ਰਮ ਵਿੱਚ ਵੀ ਬੱਲੇਬਾਜ਼ੀ ਕਰਨ ਵਿੱਚ ਸਮਰੱਥ ਹੈ। ਸ਼੍ਰੇਅਸ ਅਈਅਰ ਅਤੇ ਕੇ ਐਲ ਰਾਹੁਲ ਤੇ ਭਰੋਸਾ ਜਤਾਇਆ ਗਿਆ ਹੈ। ਰਾਹੁਲ ਨੇ ਏਸ਼ੀਆ ਕੱਪ 2023 ਵਿੱਚ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸੂਰਿਆਕੁਮਾਰ ਯਾਦਵ ਵੀ ਟੀਮ ਦਾ ਹਿੱਸਾ ਹਨ।
ਆਲਰਾਊਂਡਰ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਜਡੇਜਾ ਨੇ ਕਈ ਮੌਕਿਆਂ ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਜੇਕਰ ਭਾਰਤ ਦੇ ਗੇਂਦਬਾਜ਼ੀ ਹਮਲੇ ਦੀ ਗੱਲ ਕਰੀਏ ਤਾਂ ਬੁਮਰਾਹ ਦੇ ਨਾਲ ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਟੀਮ ਦਾ ਹਿੱਸਾ ਹਨ।