ਚੰਡੀਗੜ੍ਹ, 2 ਸਤੰਬਰ – ਆਮ ਆਦਮੀ ਪਾਰਟੀ ਨੇ ਇੱਕ ਦੇਸ਼ ਇੱਕ ਚੋਣ ਦੇ ਵਿਚਾਰ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਭਾਜਪਾ ਦਾ ਇੱਕ ਰਾਸ਼ਟਰ ਇੱਕ ਚੋਣ, ਇੱਕ ਰਾਸ਼ਟਰ ਇੱਕ ਪਾਰਟੀ, ਇੱਕ ਰਾਸ਼ਟਰ ਇੱਕ ਧਰਮ ਅਤੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਵਿਚਾਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਸਾਰ ਦੇ ਵਿਰੁੱਧ ਹੈ ਅਤੇ ਭਾਰਤ ਵਿੱਚ ਇੱਕ ਦੇਸ਼ ਇੱਕ ਚੋਣ ਨੂੰ ਲਾਗੂ ਕਰਨਾ ਅਮਲੀ ਤੌਰ ਤੇ ਸੰਭਵ ਨਹੀਂ ਹੈ।
ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ ਲਈ ਕਮੇਟੀ ਦੇ ਗਠਨ ਬਾਰੇ ਕਿਹਾ ਕਿ ਭਾਰਤ ਵੱਖ-ਵੱਖ ਰਾਜਾਂ (ਜਿਸ ਵਿੱਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ) ਦਾ ਸੰਘ ਹੈ।
ਕੰਗ ਨੇ ਕਿਹਾ ਕਿ ਭਾਜਪਾ ਇੰਡੀਆ ਗਠਜੋੜ ਅਤੇ ਉਸ ਦੀ ਤਾਕਤ ਤੋਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਚਾਰ ਧਾਰਕ ਵਖਰੇਵਿਆਂ ਦੇ ਬਾਵਜੂਦ ਵੱਖ-ਵੱਖ ਪਾਰਟੀਆਂ ਇੱਕ ਸਾਂਝੇ ਮੰਚ ਤੇ ਆਈਆਂ ਹਨ। ਅਸੀਂ ਭਾਰਤ ਦੇ 140 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ ਅਤੇ ਆਪਣੇ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣਾ ਹੈ।
ਉਨ੍ਹਾਂ ਕਿਹਾ ਕਿ ਪੰਜ ਵੱਡੇ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪਰ ਭਾਜਪਾ ਆਪਣੀ ਜਮੀਨ ਗੁਆ ਰਹੀ ਹੈ। ਭਾਜਪਾ ਦੀ ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਵੀ ਫੇਲ ਹੋ ਰਹੀ ਹੈ ਜਿਸ ਕਾਰਨ ਭਾਜਪਾ ਸਾਰੇ ਰਾਜਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। ਇਸ ਕਾਰਨ ਪ੍ਰਧਾਨ ਮੰਤਰੀ ਮੋਦੀ ਘਬਰਾਏ ਹੋਏ ਹਨ ਅਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੰਗ ਨੇ ਇੱਕ ਦੇਸ਼ ਇੱਕ ਚੋਣ ਦਾ ਸਮਰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਰਾਜਾਂ ਦੇ ਅਧਿਕਾਰਾਂ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਕੀਮਤ ਤੇ ਇਸ ਵਿਚਾਰ ਦੀ ਹਮਾਇਤ ਕਰ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਅਕਾਲੀ ਦਲ ਬਾਦਲ ਨੂੰ ਸ੍ਰੀ ਆਨੰਦਪੁਰ ਸਾਹਿਬ ਪ੍ਰਸਤਾਵ ਦਾ ਕੋਈ ਸਤਿਕਾਰ ਨਹੀਂ ਹੈ।