ਔਕਲੈਂਡ, 01 ਸਤੰਬਰ, 2023: ਪੰਜਾਬੀ ਦੇ ਵਿਚ ਕੁਝ ਕਹਾਵਤਾਂ ਕਈ ਵਾਰ ਕਹਾਣੀਆਂ ਬਣ ਕੇ ਸਾਹਮਣੇ ਆਉਂਦੀਆਂ ਹਨ। ਇਕ ਕਹਾਵਤ ਹੈ ਕਿ ‘ਚੋਰ ਚੋਰੀ ਤੋਂ ਜਾਏ ਪਰ ਹੇਰਾਫੇਰੀ ਤੋਂ ਨਾ ਜਾਏ’ ਅਤੇ ਦੂਜੀ ਹੈ ਕਿ ‘ਮੂੰਹ ਤੋਂ ਲਾਹੀ ਲੋਈ, ਕੀ ਕਰੇਗਾ ਕੋਈ।’’ ਭਾਵ ਕਿ ਚੋਰ ਚੋਰੀ ਕਰਨ ਤੋਂ ਹਟ ਸਕਦਾ ਹੈ, ਪਰ ਹੇਰਾਫੇਰੀ ਨਹੀਂ ਛੱਡ ਸਕਦਾ, ਇਸੀ ਤਰ੍ਹਾਂ ਬੇਸ਼ਰਮ ਤੇ ਢੀਠ ਬੰਦੇ ਧੋਖੇ ਕਰਨਾ ਨਹੀਂ ਛੱਡਦੇ, ਮੌਕਾ ਮਿਲਦਿਆਂ ਹੀ ਕਾਰਾ ਕਰ ਜਾਂਦੇ ਹਨ।
ਅਜਿਹਾ ਹੀ ਇਕ ਧੋਖੇਬਾਜ਼ ਅਤੇ ਢੀਠ ਕਿਸਮ ਦਾ ਵਿਅਕਤੀ ਸਾਹਮਣੇ ਆਇਆ ਹੈ ਜਿਹੜਾ 100 ਤੋਂ ਵੱਧ ਪ੍ਰਵਾਸੀ ਵਿਅਕਤੀਆਂ ਦਾ ਨਿਊਜ਼ੀਲੈਂਡ ਦਾ ਵਰਕ ਵੀਜ਼ਾ (ਬਿਨਾਂ ਕੰਮ ਵਾਲਾ ) ਲਗਵਾ ਕੇ ਸ਼ੋਸ਼ਣ ਕਰ ਗਿਆ। ਕਥਿਤ ਤੌਰ ’ਤੇ ਇਸ ਦੋਸ਼ੀ ਮੰਨੇ ਜਾ ਰਹੇ ਇਸ ਵਿਅਕਤੀ ਉਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ 15 ਸਾਲਾਂ ਤੋਂ ਨਿਗ੍ਹਾ ਰੱਖ ਰਹੀ ਹੈ ਅਤੇ ਜਾਂਚ ਦੇ ਅਧੀਨ ਹੈ। ਇਸ ਦੇ ਬਾਵਜੂਦ ਅਗਲਾ ਖੇਡ ਖੇਡ ਗਿਆ। ਨਿਊਜ਼ ਹੱਬ ਦੀ ਖਬਰ ਅਨੁਸਾਰ ਸ਼ੋਸ਼ਣ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਕੰਪਨੀਆਂ ਵਿੱਚੋਂ ਇੱਕ ਕੰਪਨੀ ਦੀਵਾਲੀਏਪਨ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਮਾਨਤਾ ਪ੍ਰਾਪਤ ਰਹੀ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਦਾ ਮੰਨਣਾ ਹੈ ਕਿ 115 ਪ੍ਰਵਾਸੀਆਂ, ਕਈ ਕੰਪਨੀਆਂ, ਸੰਪਤੀਆਂ ਅਤੇ ਵਿਅਕਤੀਆਂ ਦੇ ਸ਼ੋਸ਼ਣ ਦਾ ਇੱਕ ਵਿਆਪਕ ਮਾਮਲਾ ਹੈ, ਇਸ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ। ਰਵੀ ਕੁਮਾਰ ਨਾਂਅ ਦੇ ਵਿਅਕਤੀ ਦਾ ਇਸ ਮਾਮਲੇ ਵਿਚ ਨਾਂਅ ਪ੍ਰਕਾਸ਼ਿਤ ਹੋਇਆ ਹੈ। ਇਹ ਵਿਅਕਤੀ ਪਹਿਲਾਂ ਵੀ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਜਾਂਚ ਦੇ ਅਧੀਨ ਸੀ। ਉਹ ਅਦਾਲਤਾਂ ਵਿੱਚੋਂ ਲੰਘਿਆ ਹੋਇਆ ਸੀ ਪਰ ਹੁਣ ਫਿਰ ਤਾਜ਼ਾ ਮਾਮਲੇ ਵਿਚ ਸ਼ਮੂਲੀਅਤ ਨਜ਼ਰ ਆ ਰਹੀ ਹੈ। ਸੀ. ਪੀ. ਐਲ. ਮਜ਼ਦੂਰ ਪੂਰਤੀ ਕੰਪਨੀ ਵੀ ਪ੍ਰਵਾਸੀ ਸ਼ੋਸ਼ਣ ਮਾਮਲੇ ਨਾਲ ਸਬੰਧਿਤ ਹੈ।