ਚੰਡੀਗੜ੍ਹ, 27 ਮਾਰਚ 2025- ਪੰਜਾਬ ਵਿਧਾਨ ਸਭਾ ਵਿੱਚ ਸੀਚੇਵਾਲ ਮਾਡਲ ਨੂੰ ਲੈ ਕੇ ਚੱਲੀ ਬਹਿਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਤਿੱਖੇ ਸਿਆਸੀ ਹਮਲੇ ਕੀਤੇ, ਜਿਸ ਨਾਲ ਸਦਨ ਦਾ ਮਾਹੌਲ ਕਾਫੀ ਗਰਮਾ ਗਿਆ।
ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਸੱਤਾਧਾਰੀ ਧਿਰ ਨੇ ਸਖ਼ਤ ਟਿੱਪਣੀਆਂ ਕੀਤੀਆਂ। ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਨੇ ਕਾਂਗਰਸੀ ਲੀਡਰਾਂ ਨੂੰ ਸਲਾਹ ਦਿੱਤੀ ਕਿ ਪ੍ਰਤਾਪ ਸਿੰਘ ਬਾਜਵਾ ਦੀ ਕਲਾਸ ਲਾਓ ਤਾਂ, ਜੋ ਉਨ੍ਹਾਂ ਦਾ ਦਿਮਾਗ ਟਿਕਾਣੇ ਆ ਸਕੇ। ਅਰੋੜਾ ਨੇ ਕਿਹਾ ਕਿ ਕਾਂਗਰਸ ਨੂੰ ਸਿਰਫ਼ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਸੂਬੇ ਦੇ ਵਿਕਾਸ ਲਈ ਸਹਿਯੋਗੀ ਰਵੱਈਆ ਅਪਣਾਉਣਾ ਚਾਹੀਦਾ ਹੈ।
ਇਸ ਦੌਰਾਨ ਵਿਧਾਇਕਾ ਇੰਦਰਜੀਤ ਕੌਰ ਨੇ ਕਾਂਗਰਸੀ ਲੀਡਰਾਂ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ, “ਕਾਂਗਰਸ ਨੂੰ ਆਪਣਾ ਵਿਰੋਧੀ ਧਿਰ ਦਾ ਨੇਤਾ ਬਦਲ ਲੈਣਾ ਚਾਹੀਦਾ ਹੈ।” ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਨੂੰ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹੇ ਹਨ।