ਹੁਸ਼ਿਆਰਪੁਰ, 1 ਸਤੰਬਰ 2023 – ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 1 ਅਕਤੂਬਰ 2023 ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਿਟ ਬਾਈਕਰਸ ਕਲੱਬ ਵਲੋਂ ਕਰਵਾਈ ਜਾ ਰਹੀ ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਜੂਨੀਅਰ ਦੀ ਆਨਲਾਈਨ ਰਜਿਸਟ੍ਰੇਸ਼ਨ ਨੂੰ ਆਪਣੇ ਦਫ਼ਤਰ ਵਿਚ ਸ਼ੁਰੂਆਤ ਕੀਤਾ। ਉਨ੍ਹਾਂ ਕਿਹਾ ਕਿ ‘ਪਲਾਸਟਿਕ ਫਰੀ ਹੁਸ਼ਿਆਰਪੁਰ’ ਦੀ ਥੀਮ ’ਤੇ ਕਰਵਾਏ ਜਾਣ ਵਾਲੇ ਇਸ ਸਾਈਕਲੋਥਾਨ ਵਿਚ ਕੋਈ ਵੀ ਵਿਦਿਆਰਥੀ ਹਿੱਸਾ ਲੈ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਾਈਕਲੋਥਾਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਯੋਜਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਇਸ ਸਾਈਕਲੋਥਾਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਫਿਟ ਬਾਈਕਰਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਅਕਤੂਬਰ ਨੂੰ ਇਹ ਇਵੈਂਟ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਵਿਚ ਦੋ ਕੈਟਾਗਰੀ ਬਣਾਈਆਂ ਗਈਆਂ ਹਨ, ਇਕ ਕੈਟਾਗਰੀ ਵਿਚ 10 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਅਤੇ ਦੂਜੀ ਕੈਟਾਗਰੀ ਵਿਚ ਇਸ ਤੋਂ ਵੱਧ ਉਮਰ ਦੇ ਵਿਦਿਆਰਥੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 4 ਕਿਲੋਮੀਟਰ ਸਾਈਕਲਿੰਗ ਅਤੇ ਉਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ 15 ਕਿਲੋਮੀਟਰ ਸਾਈਕਲਿੰਗ ਦਾ ਇਹ ਇਵੈਂਟ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਾਰੇ ਪ੍ਰਤੀਯੋਗੀਆਂ ਨੂੰ ਫਿਟ ਬਾਈਕਰਸ ਕਲੱਬ ਵਲੋਂ ਰਿਫਰੈਸ਼ਮੈਂਟ, ਟੀ-ਸ਼ਰਟ, ਸਰਟੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਰਜਿਸਟ੍ਰੇਸ਼ਨ 10 ਸਤੰਬਰ ਤੱਕ ਚੱਲੇਗੀ ਕਿਉਂਕਿ ਕਲੱਬ ਵਲੋਂ 3 ਹਜ਼ਾਰ ਤੋਂ ਵੱਧ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ, ਇਸ ਲਈ ਇਸ ਸਾਈਕਲੋਥਾਨ ਵਿਚ ਹਿੱਸਾ ਲੈਣ ਵਾਲੇ ਬੱਚੇ ਸਚਦੇਵਾ ਸਟਾਕਸ ਦੇ ਦਫ਼ਤਰ, ਸੁਭਾਸ਼ ਸਾਈਕਲ ਵਰਕਸ ਅਤੇ ਬਿਹਾਰੀ ਲਾਲ ਸਾਈਕਲ ਵਰਕਸ ਦੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦੀਕੀ, ਮੁਨੀਰ ਨਜਰ, ਅਮਰਿੰਦਰ ਸੈਣੀ, ਗੁਰਵਿੰਦਰ ਸਿੰਘ, ਦੌਲਤ ਸਿੰਘ, ਸੰਜੀਵ ਸੋਹਲ ਵੀ ਮੌਜੂਦ ਸਨ।