ਬਟਾਲਾ/ਗੁਰਦਾਸਪੁਰ 24 ਅਗਸਤ 2023 : ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਸ਼ੁਰੂ ਕੀਤੀ ਗਈ ਹੈ। ਜਿਸ ਦਾ ਅੱਜ ਅੰਮ੍ਰਿਤਸਰ ਤੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਵੇਰੇ ਕਰੀਬ 9 ਵਜੇ ਦਾਖਲ ਹੋਣ ’ਤੇ ਪਿੰਡ ਬੱਜੂਮਾਨ (ਨੇੜੇ ਜੈਂਤੀਪੁਰ) ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਮਸ਼ਾਲ ਮਾਰਚ ਨੂੰ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਬਿ੍ਰਗੇਡੀਅਰ ਉਲੰਪੀਅਨ ਹਰਚਰਨ ਸਿੰਘ, ਤਹਿਸਲੀਦਾਰ ਅਭਿਸ਼ੇਕ ਵਰਮਾ, ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ, ਜ਼ਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਸੁਖਚੈਨ ਸਿੰਘ ਅਤੇ ਖਿਡਾਰੀ, ਕੋਚ ਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਕੋਚਾਂ ਦਾ ਸਵਾਗਤ ਕਰਦਿਆਂ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ ਬਟਾਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ.ਹਿਮਾਂਸੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਸ਼ਾਸਨ ਵਲੋਂ ਮਸ਼ਾਲ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨਾਂ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੀਜਲ-2 ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਖੇਡਾਂ ਕਰਾਈਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਆਨਲਾਈਨ ਰਜਿਸਟ੍ਰੇਸ਼ਨ (www.khedanwatanpunjabdia.com) ਕਰਨ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 29 ਅਗਸਤ ਨੂੰ ਕੌਮੀ ਖੇਡ ਦਿਵਸ ਵਾਲੇ ਦਿਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ।