ਬੈਂਗਲੁਰੂ, 19 ਅਗਸਤ – ਬੈਂਗਲੁਰੂ ਦੇ ਕ੍ਰਾਂਤੀਵੀਰਾ ਸੰਘੋਲੀ ਰਿਆਨਾ ਰੇਲਵੇ ਸਟੇਸ਼ਨ ਤੇ ਅੱਜ ਸਵੇਰੇ ਉਦਯਾਨ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗ ਗਈ। ਦੱਖਣ-ਪੱਛਮੀ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਅੱਗ ਦੀ ਘਟਨਾ ਯਾਤਰੀਆਂ ਦੇ ਟ੍ਰੇਨ ਤੋਂ ਉਤਰਨ ਦੇ ਦੋ ਘੰਟੇ ਬਾਅਦ ਵਾਪਰੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਮੌਕੇ ਤੇ ਭੇਜਿਆ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਹ ਰੇਲਗੱਡੀ ਮੁੰਬਈ ਤੋਂ ਬੰਗਲੌਰ ਸਟੇਸ਼ਨ ਦੇ ਵਿਚਕਾਰ ਚੱਲਦੀ ਹੈ ਅਤੇ ਕੇ ਐਸ ਆਰ ਰੇਲਵੇ ਸਟੇਸ਼ਨ ਆਖਰੀ ਸਟਾਪੇਜ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮੀਨਸ ਤੋਂ ਰਵਾਨਾ ਹੋਈ ਰੇਲਗੱਡੀ ਅੱਜ ਸਵੇਰੇ 5.45 ਵਜੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ਪਹੁੰਚੀ, ਫਿਰ ਕਰੀਬ 7.10 ਵਜੇ ਟਰੇਨ ਦੇ ਕੋਚ ਬੀ-1 ਅਤੇ ਬੀ-2 ਤੋਂ ਧੂੰਆਂ ਉੱਠਦਾ ਦੇਖਿਆ ਗਿਆ।
ਘਟਨਾ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਟਰੇਨ ਵਿੱਚ ਅੱਗ ਕਿਸ ਕਾਰਨ ਲੱਗੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ ਹੈ। ਰੇਲਵੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।