ਐਸ ਏ ਐਸ ਨਗਰ, 19 ਅਗਸਤ – ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਲਗਾਤਾਰ ਕੰਮ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਵਿਧਾਇਕ ਕੁਲਵੰਤ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧੀ ਇੱਕ ਮੰਗ ਪੱਤਰ ਦੇਣ ਮੌਕੇ ਗੱਲਬਾਤ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਦੇ ਝਲਦੇ ਹੋਏ ਮੁਹਾਲੀ ਹਲਕੇ ਵਿੱਚ ਗਿਰ ਚੁੱਕੇ 26 ਘਰਾਂ ਨੂੰ ਸਭ ਤੋਂ ਪਹਿਲਾਂ ਇਕ ਲੱਖ 20 ਹਜ਼ਾਰ ਰੁਪਏ ਪ੍ਰਤੀ ਘਰ ਮੁਆਵਜ਼ੇ ਦੇ ਰੂਪ ਵਿੱਚ ਪੁੱਜ ਚੁੱਕਾ ਹੈ। ਉਹਨਾਂ ਕਿਹਾ ਕਿ ਫਸਲਾਂ ਦੇ ਨੁਕਸਾਨ ਦੀ ਹੋਈ ਪੂਰਤੀ ਕਰਨ ਦੇ ਲਈ ਗਿਰਦਾਵਰੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਜਲਦੀ ਹੀ ਇਹ ਮੁਆਵਜਾ ਵੀ ਕਿਸਾਨਾਂ ਕੋਲ ਪਹੁੰਚਾ ਦਿੱਤਾ ਜਾਵੇਗਾ।
ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕ ਕਿਸੇ ਵੀ ਤਕਲੀਫ਼ ਵਿੱਚ ਨਾ ਹੋਣ, ਕਿਉਂਕਿ ਜੇਕਰ ਲੋਕ ਤਕਲੀਫ ਵਿੱਚ ਹੋਣ ਤਾਂ ਇਹ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣ ਕੇ ਸਮਾਂ ਰਹਿੰਦਿਆ ਉਨ੍ਹਾਂ ਦਾ ਹੱਲ ਕਰਵਾ ਰਹੇ ਹਨ।
ਇਸ ਮੌਕੇ ਕਿਸਾਨ ਯੂਨੀਅਨਾਂ ਵਲੋਂ ਵਿਧਾਇਕ ਕੁਲਵੰਤ ਸਿੰਘ ਨਾਲ ਹੋਈ ਮੀਟਿੰਗ ਦੇ ਦੌਰਾਨ ਕੀਤੀਆਂ ਗਈਆਂ ਮੰਗਾਂ ਬਾਰੇ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਦੇ ਮੁਆਵਜ਼ੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਦੀਵਾਏ ਜਾਣ ਅਤੇ ਸਰਕਾਰ ਦਰਿਆਵਾਂ ਦੇ ਬੰਨ ਮਜ਼ਬੂਤ ਕਰਨ, ਨਦੀਆਂ, ਡਰੇਨਾਂ ਅਤੇ ਨਾਲਿਆਂ ਦੀ ਸਾਫ਼-ਸਫ਼ਾਈ ਕਰਨ ਵੱਲ ਵਿਸ਼ੇਸ਼ ਧਿਆਨ ਦੇਵੇ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਕੀਤੇ ਹੁਕਮਾਂ ਤੇ ਅਮਲਦਾਰੀ ਯਕੀਨੀ ਬਣਾਵੇ ਅਤੇ ਪੱਖਪਾਤ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਫੌਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਤਬਾਹ ਹੋਈਆਂ ਫ਼ਸਲਾਂ ਮੁੜ ਬੀਜੀਆਂ ਹਨ, ਉਨ੍ਹਾਂ ਦੇ ਨੁਕਸਾਨ ਨੂੰ ਗਿਰਦਾਵਰੀ ਵਿੱਚ ਗਿਣਿਆ ਜਾਵੇ, ਜਿਨ੍ਹਾਂ ਕਿਸਾਨਾਂ ਦੀ ਇਸ ਸੀਜਨ ਦੀ ਪੂਰੀ ਫ਼ਸਲ ਖਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉਪਰ ਵੀ ਸੰਕਟ ਮੰਡਰਾ ਰਿਹਾ ਹੈ, ਉਸਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ ਨਿਆਮੀਆ, ਗੁਰਮੀਤ ਸਿੰਘ ਖੂਨੀ ਮਾਜਰਾ, ਕੁਲਵੰਤ ਸਿੰਘ ਚਿੱਲਾ, ਜਸਪਾਲ ਸਿੰਘ, ਪਰਮਜੀਤ ਸਿੰਘ ਕਾਹਲੋਂ, ਹਰਮੇਸ਼ ਸਿੰਘ ਕੁੰਭੜਾ, ਹਰਦੀਪ ਸਿੰਘ ਰੁੜਕਾ, ਰਵਿੰਦਰ ਸਿੰਘ ਮਛਲੀ ਕਲਾਂ, ਟੀਨੂੰ ਨਾਨੂੰ ਮਾਜਰਾ ਵੀ ਹਾਜਰ ਸਨ।