ਗੁਰੂਗ੍ਰਾਮ, 10 ਅਗਸਤ – ਹਰਿਆਣਾ ਦੇ ਨੂਹ ਹਿੰਸਾ ਮਾਮਲੇ ਵਿੱਚ ਪੁਲੀਸ ਦੀ ਕਾਰਵਾਈ ਜਾਰੀ ਹੈ। ਪੁਲੀਸ ਨੇ ਨੂਹ ਹਿੰਸਾ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਦੇ ਪੈਰ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਦੋਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨੂਹ ਹਿੰਸਾ ਦੇ ਦੋਹਾਂ ਮੁਲਜ਼ਮਾਂ ਦਾ ਨਾਂ ਮੁਨਸੈਦ ਅਤੇ ਸੈਕੂਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੂਹ ਜ਼ਿਲ੍ਹੇ ਦੇ ਤਾਵੜੂ ਵਿਚ ਪੁਲੀਸ ਅਤੇ ਦੰਗਾਕਾਰੀਆਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਪੁਲੀਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਦੋ ਦੋਸ਼ੀਆਂ ਦੇ ਪੈਰ ਵਿੱਚ ਗੋਲੀ ਲੱਗੀ।
ਪੁਲੀਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨੂਹ ਹਿੰਸਾ ਦੇ ਇਹ ਦੋਸ਼ੀ ਅਰਾਵਲੀ ਦੀਆਂ ਪਹਾੜੀਆਂ ਵਿਚ ਲੁੱਕੇ ਹੋਏ ਸਨ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਨ੍ਹਾਂ ਦੋਸ਼ੀਆਂ ਤੱਕ ਪਹੁੰਚ ਕੀਤੀ। ਸਰਚ ਮੁਹਿੰਮ ਦੌਰਾਨ ਦੋਸ਼ੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਨੂਹ ਵਿੱਚ 31 ਜੁਲਾਈ ਨੂੰ ਬ੍ਰਜਮੰਡਲ ਧਾਮ ਜਲਾਭਿਸ਼ੇਕ ਯਾਤਰਾ ਦੌਰਾਨ ਹੋਈ ਹਿੰਸਕ ਝੜਪ ਤੋਂ ਬਾਅਦ ਹਿੰਸਾ ਭੜਕ ਗਈ। ਨੂਹ ਸਮੇਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ-144 ਲਾਗੂ ਕਰਨੀ ਪਈ। ਹਿੰਸਾ ਦੌਰਾਨ ਦੋ ਹੋਮਗਾਰਡ, ਬਜਰੰਗ ਦਲ ਦੇ ਦੋ ਵਰਕਰਾਂ ਸਣੇ 6 ਵਿਅਕਤੀਆਂ ਦੀ ਮੌਤ ਹੋ ਗਈ। ਹੁਣ ਤੱਕ ਨੂਹ ਵਿਚ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋ ਸਕਿਆ ਹੈ।