ਅੰਮ੍ਰਿਤਸਰ, 10 ਅਗਸਤ- ਅੰਮ੍ਰਿਤਸਰ ਪੁਲੀਸ ਨੇ ਪਾਕਿਸਤਾਨ ਨਾਲ ਜੁੜੇ ਡਰੱਗ ਤਸਕਰੀ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ 3 ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 12 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 84 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਬਾਰੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ ਲੋਪੋਕੇ ਥਾਣੇ ਨੂੰ ਹੈਰੋਇਨ ਤਸਕਰੀ ਦੀ ਇਨਪੁੱਟ ਮਿਲੀ ਸੀ। ਇਸ ਤੋਂ ਬਾਅਦ ਆਪਰੇਸ਼ਨ ਚਲਾ ਕੇ ਪੁਲੀਸ ਨੇ 3 ਤਸਕਰਾਂ ਨੂੰ ਫੜ੍ਹਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਨ੍ਹਾਂ ਤਿੰਨਾਂ ਤਸਕਰਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ ਅਤੇ 12 ਕਿੱਲੋ ਹੈਰੋਇਨ ਦੀ ਇਸ ਖ਼ੇਪ ਨੂੰ ਬਾਰਡਰ ਪਾਰ ਤੋਂ ਹੀ ਮੰਗਵਾਇਆ ਗਿਆ ਸੀ। ਤਿੰਨੇ ਤਸਕਰ ਇਹ ਖ਼ੇਪ ਅੱਗੇ ਹੋਰ ਤਸਕਰਾਂ ਨੂੰ ਪਹੁੰਚਾਉਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲੀਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ।