ਬਠਿੰਡਾ,24ਜੂਨ, 2020 : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ‘ਤੇ ਪੁਲਿਸ ਵਿਚਕਾਰ ਕਾਫੀ ਖਿੱਚਧੂਹ ਹੋਈ। ਲੰਮਾਂ ਸਮਾਂ ਤਕਮਰਾਰ ਤੋਂ ਬਾਅਦ ਵਲੰਟੀਅਰਾਂ ਨੇ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਤਾਂ ਪੁਲਿਸ ਨੇ ਸੁੱਖ ਦਾ ਸਾਹ ਲਿਆ। ਅੱਜ ਇਸ ਘਿਰਾਓ ਦੇ ਮੱਦੇਨਜ਼ਰ ਜਿਲਾ ਪੁਲਿਸ ਨੇ ਸ਼ਹਿਰ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ ਪੁਲਿਸ ਨੇ ਦਫਤਰ ਅਤੇ ਧਰਨੇ ਵਾਲੀ ਥਾਂ ਨੂੰ ਜਾਣ ਵਾਲੇ ਰਸਤਿਆਂ ‘ਤੇ ਵੱਡੇ ਬੈਰੀਕੇਡ ਲਾਕੇ ਸੀਲ ਕੀਤਾ ਹੋਇਆ ਸੀ।
ਪਤਾ ਲੱਗਿਆ ਹੈ ਕਿ ਬਠਿੰਡਾ ਵਿਚ ਅੱਜ ਕਈ ਜ਼ਿਲਿਆਂ ਦੀ ਪੁਲੀਸ ਪੁੱਜੀ ਹੋਈ ਸੀ। ਜਿਲਾ ਪੁਲਿਸ ਦੇ ਸੀਆਈਡੀ ਵਿੰਗ ਦੇ ਮੁਲਾਜਮਾਂ ਵੱਲੋਂ ਵੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਦਾ ਵੱਡਾ ਪ੍ਰਬੰਧ ਸ਼ਹਿਰ ਦੀ ਏਸੀ ਮਾਰਕੀਟ ਕੋਲ ਕੀਤਾ ਗਿਆ ਸੀ। ਇਸ ਥਾਂ ‘ਤੇ ਪੁਲਿਸ ਨੇ ਦੰਗਾ ਰੋਕੂ ਵਾਹਨ ਅਤੇ ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਸਨ। ਕਿਸੇ ਵੱਡੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਕਮਾਂਡੋ ਦਸਤਿਆਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਸੀ। ਹਾਲਾਂਕਿ ਪੁਲਿਸ ਪ੍ਰਬੰਧਾਂ ਕਾਰਨ ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਪੁਲਿਸ ਨੇ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੱਤਾ।
‘ਬਾਬੂਸ਼ਾਹੀ’ ਨੇ ਮੌਕੇ ‘ਤੇ ਜਾਕੇ ਜਾਇਜਾ ਲਿਆ ਤਾਂ ਪੁਲਿਸ ਅਧਿਕਾਰੀ ਹਰ ਆਉਣ ਜਾਣ ਵਾਲੇ ਨੂੰ ਦਫਤਰ ਵੱਲ ਜਾਣ ਨਹੀਂ ਦੇ ਰਹੇ ਸਨ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਸਖਤ ਹੁਕਮ ਚੌਕਸੀ ਰੱਖਣ ਦੇ ਹੁਕਮ ਦਿੱਤੇ ਗਏ ਸਨ। ਪੰਜਾਬ ਪੁਲੀਸ ਅੱਜ ਸਖਤ ਘੇਰਾਬੰਦੀ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਇਕੱਠ ਨੂੰ ਵਿੱਤ ਮੰਤਰੀ ਦੇ ਦਫਤਰ ਤੱਕ ਜਾਣ ਤੋਂ ਠੱਲਣ ਵਿਚ ਸਫਲ ਰਹੀ ਪਰ ਪਾਰਟੀ ਵਰਕਰਾਂ ਨੇ ਬਠਿੰਡਾ ਵਿਚ ਸੜਕਾਂ ਤੇ ਉੱਤਰ ਕੇ ਥਰਮਲ ਬੰਦ ਕਰਨ ਤੋਂ ਰੋਕਣ ਦੇ ਮਾਮਲੇ ’ਚ ਆਪਣਾ ਸੰਘਰਸ਼ੀ ਸੁਨੇਹਾ ਸਰਕਾਰ ਤੱਕ ਪੁੱਜਦਾ ਕੀਤਾ। ਵੱਡੇ ਤੜਕੇ ਹੀ ਪੁਲੀਸ ਨੇ ਸਟੇਡੀਅਮ ਵੱਲ ਜਾਣ ਵਾਲੇ ਰਾਹਾਂ ‘ਤੇ ਤਾਇਨਾਤੀ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਧੜਕੂ ਸੀ ਕਿ ਧਰਨੇ ’ਚ ਇਕੱਠ ਬਹਾਨੇ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜਮੀਨ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਹੋਰਨਾਂ ਧਿਰਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਮੰਤਰੀ ਮੰਡਲ ਵੱਲੋਂ ਹਰੀ ਝੰਡੀ ਦੇਣ ਉਪਰੰਤ ਪਾਰਟੀ ਨੇ ਬਠਿੰਡਾ ’ਚ ਅੱਜ ਧਰਨਾ ਦੇਣ ਦਾ ਐਲਾਨ ਕੀਤਾ ਸੀ। ਧਰਨੇ ’ਚ ਧੂੰਆਂਧਾਰ ਤਕਰੀਰਾਂ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੇ ਵਿੱਤ ਮੰਤਰੀ ਦਫਤਰ ਵੱਲ ਚਾਲੇ ਪਾ ਦਿੱਤੇ ਤਾਂ ਇੱਕ ਡੀਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਮੁਜਾਹਰਾਕਾਰੀਆਂ ਨੂੰ ਰੋਕ ਲਿਆ। ਵੱਡੀ ਗੱਲ ਹੈ ਕਿ ਮੁਜਾਹਰਾ ਕਰਨ ਵਾਲਿਆਂ ਨੂੰ ਰੋਕਣ ਲਈ ਪੁਲਿਸ ਦੀਆਂ ਲੜਕੀ ਸਿਪਾਹੀਆਂ ਅੱਗੇ ਕਰ ਦਿੱਤੀਆਂ ਜੋਕਿ ਪੁਲਿਸ ਲਈ ਸਹਾਈ ਸਿੱਧ ਹੋਈਆਂ। ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਉਨਾਂ ਨੂੰ ਦਫਤਰ ਵੱਲ ਜਾਣ ਦਿੱਤਾ ਜਾਏ ਪਰ ਪੁਲਿਸ ਟੱਸ ਤੋਂ ਮੱਸ ਨਾ ਹੋਈ। ਪੁਲਿਸ ਨਾਲ ਹੋਈ ਕਾਫੀ ਤਕਰਾਰ ਪਿੱਛੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ,ਵਿਧਾਇਕਾਂ ਅਤੇ ਆਗੂਆਂ ਨੇ ਸੜਕ ਤੇ ਧਰਨਾ ਲਾ ਦਿੱਤਾ।