ਨਵਾਂਗਾਓਂ, 1 ਅਗਸਤ – ਬੀਤੀ ਦੇਰ ਰਾਤ ਨਿਊ ਚੰਡੀਗੜ੍ਹ ਬੈਰੀਅਰ ਕੋਲ ਇੱਕ ਕੈਬ ਡਰਾਈਵਰ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਨ ਧਰਮਪਾਲ ਵਜੋਂ ਹੋਈ ਹੈ। 40 ਸਾਲ ਦਾ ਧਰਮਪਾਲ ਮੂਲਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ ਜ਼ੀਰਕਪੁਰ ਵਿਚ ਰਹਿੰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਕੈਬ ਸੈਕਟਰ-43 ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਲਈ ਬੁੱਕ ਕਰਵਾਈ ਗਈ ਸੀ ਅਤੇ ਗੱਡੀ ਵਿੱਚ ਸਵਾਰ ਵਿਅਕਤੀਆਂ ਵਲੋਂ ਹੀ ਉਸਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਬ ਡਰਾਈਵਰ ਚਿੱਟੇ ਰੰਗ ਦੀ ਈਟੀਓਸ ਗੱਡੀ ਵਿਚ ਲਹੂ-ਲੁਹਾਨ ਹਾਲਤ ਵਿਚ ਪਿਆ ਹੋਇਆ ਸੀ। ਉਸਦੀ ਧੌਣ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਬ ਡਰਾਈਵਰ ਧਰਮਪਾਲ ਗੱਡੀ ਵਿਚ ਲਹੂ-ਲੁਹਾਨ ਹਾਲਤ ਵਿਚ ਪਿਆ ਹੋਇਆ ਸੀ ਜਿਸਨੂੰ ਮੌਕੇ ਤੇ ਪਹੁੰਚੇ ਨਿਊ ਚੰਡੀਗੜ੍ਹ ਥਾਣੇ ਦੇ ਐਸ. ਐਚ. ਓ. ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵਲੋਂ ਨੇ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਪੁਲੀਸ ਵਲੋਂ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਕੈਬ ਇੱਥੇ ਕਿਵੇਂ ਪਹੁੰਚੀ ਅਤੇ ਕੈਬ ਵਿੱਚ ਜੋ ਸਵਾਰੀ ਸੀ ਤਾਂ ਉਹ ਕਿੱਥੇ ਗਾਇਬ ਹੋ ਗਈ? ਪੁਲੀਸ ਵਲੋਂ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲੀਸ ਵਲੋਂ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਕੈਬ ਡ੍ਰਾਈਵਰ ਦੇ ਕਤਲ ਕਾਰਨ ਰੋਹ ਵਿੱਚ ਆਏ ਕੈਬ ਡ੍ਰਾਈਵਰਾਂ ਵਲੋਂ ਅੱਜ ਕੰਮ ਬੰਦ ਰੱਖਿਆ ਗਿਆ ਅਤੇ ਮ੍ਰਿਤਕ ਧਰਮਪਾਲ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਖਰੜ ਵਿੱਚ ਪੁਲ ਦੇ ਹੇਠਾਂ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਅਕਿ ਕੈਬ ਡ੍ਰਾਈਵਰਾਂ ਦੀ ਸੁਰਖਿਆ ਦਾ ਪ੍ਰਬੰਧ ਕੀਤਾ ਜਾਵੇ ਅਤੇ ਧਰਮਪਾਲ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।