ਨਵੀਂ ਦਿੱਲੀ, ਮਈ -ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਹੈ ਕਿ ਉਹ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਚੰਗੀ ਤਰ੍ਹਾਂ ਨਾਲ ਕਰ ਸਕਦੇ ਹਨ ਪਰ ਇਸ ਦੇ ਨਾਲ ਹੀ ਸਵੀਕਾਰ ਕੀਤਾ ਹੈ ਕਿ ਜਦੋਂ ਵੀ ਤੇਜ਼ ਗੇਂਦਬਾਜ਼ ਗੇਂਦਬਾਜ਼ੀ ਦਾ ਆਗਾਜ਼ ਕਰਦਾ ਹੈ ਤਾਂ ਉਹ ਪਾਰੀ ਦੀ ਪਹਿਲੀ ਗੇਂਦ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਹੈ | ਧਵਨ ਆਪਣੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਅਤੇ ਸਨਰਾਈਜ਼ ਹੈਦਰਾਬਾਦ ਦੇ ਆਪਣੇ ਸਾਬਕਾ ਸਾਥੀ ਡੇਵਿਡ ਵਾਰਨਰ ਦੀ ਹਾਲ ਦੀ ਟਿੱਪਣੀਆਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ | ਧਵਨ ਨੇ ਸਾਬਕਾ ਭਾਰਤੀ ਹਰਫ਼ਨਮੌਲਾ ਇਰਫ਼ਾਨ ਪਠਾਨ ਨਾਲ ਇੰਸਟਾਗ੍ਰਾਮ ‘ਤੇ ਗੱਲਬਾਤ ‘ਚ ਕਿਹਾ ਕਿ ਨਹੀਂ ਮੈਂ ਇਸ ਨਾਲ ਅਸਹਿਮਤ ਹਾਂ | ਅਜਿਹਾ ਨਹੀਂ ਹੈ ਕਿ ਮੈਂ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਹਾਂ | ਹਰ ਕਿਸੇ ਦੀ ਆਪਣੀ ਰਾਏ ਹੁੰਦੀ ਹੈ | ਮੈਂ ਸਲਾਮੀ ਬੱਲੇਬਾਜ਼ ਹਾਂ | ਮੈਂ ਪਿਛਲੇ ਅੱਠ ਸਾਲ ਤੋਂ ਭਾਰਤ ਲਈ ਇਹ ਭੂਮਿਕਾ ਨਿਭਾ ਰਿਹਾ ਹਾਂ | ਇਸ ਲਈ ਮੈਂ ਨਿਸਚਿਤ ਤੌਰ ‘ਤੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੁੰਦਾ ਹੈ |