ਫਰੀਦਕੋਟ , 24 ਜੁਲਾਈ 2023 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਸਾਨੀ ਨਾਲ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਅਗਾਂਹਵਧੂ ਕਿਸਾਨਾਂ ਦੀ ਇੱਕ ਬੈਠਕ ਦੌਰਾਨ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਰਾਹ ਕਿਸਾਨਾਂ ਦੇ ਖੇਤਾਂ ਰਾਹੀਂ ਲੰਘੇਗਾ ਅਤੇ ਅੱਜ ਦੇ ਵਿਚਾਰ ਮੰਥਨ ਦੌਰਾਨ ਇੱਕ ਸੁਨਹਿਰੀ ਕਿਰਨ ਨਜ਼ਰ ਆ ਰਹੀ ਹੈ।
ਇਸ ਮੰਥਨ ਦੌਰਾਨ ਜਿੱਥੇ ਮਿਰਚਾਂ, ਟਮਾਟਰਾਂ, ਗੰਨੇ ਦੀ ਕਾਸ਼ਤ ਕਰਕੇ ਛੋਟੇ ਪੈਮਾਨੇ ਤੇ ਯੂਨਿਟ ਲਗਾ ਕੇ ਅਤੇ ਪੈਕੇਜਿੰਗ ਕਰਕੇ ਵਧੇਰੇ ਮੁਨਾਫਾ ਕਮਾਉਣ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ ਗਈ, ਉੱਥੇ ਨਾਲ ਹੀ ਵੱਡੇ ਪ੍ਰੋਜੈਕਟਾਂ ਸਬੰਧੀ ਗਹਿਨ ਚਿੰਤਨ ਕੀਤਾ ਗਿਆ।
ਬੈਠਕ ਦੌਰਾਨ ਮਹਿਲਾਵਾਂ ਵੱਲੋਂ ਫਰੀਦਕੋਟ ਜਿਲ੍ਹੇ ਵਿੱਚ ਚਲਾਏ ਜਾ ਰਹੇ ਵੱਖ ਵੱਖ “ਸੈਲਫ ਹੈਲਪ ਗਰੁੱਪਾਂ ” ਵੱਲੋਂ ਤਿਆਰ ਕੀਤੇ ਗਏ ਆਚਾਰ, ਜੂਸ ਅਤੇ ਹੋਰ ਖਾਣ ਪੀਣ ਵਾਲੀਆਂ ਚੀਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਮਹਿਲਾਵਾਂ ਵੱਲੋਂ ਬਣਾਈਆਂ ਜਾ ਰਹੀਆਂ ਚੀਜਾਂ ਨੂੰ ਵਾਜ਼ਬ ਮੁੱਲ ਤੇ ਵੇਚਣ ਦੇ ਉਪਰਾਲਿਆਂ ਤਹਿਤ ਜਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਕਰਨ ਦੇ ਨਿਰਦੇਸ਼ ਕੀਤੇ। ਮੌਕੇ ਤੇ ਹਾਜ਼ਰ ਕੋਆਪਰੇਟਿਵ ਅਤੇ ਹੋਰ ਸਬੰਧਤ ਮਹਿਕਮਿਆਂ ਨੂੰ ਅਜਿਹੇ ਗਰੁੱਪਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਵੱਲੋਂ ਬਣਾਏ ਜਾ ਰਹੇ ਖਾਦ ਪਦਾਰਥਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਵਾਇਆ ਜਾਵੇ।
ਸ਼ਹਿਦ ਦੇ ਉਤਪਾਦਨ ਨਾਲ ਸਬੰਧਤ ਕਿਸਾਨਾਂ ਨੇ ਦੱਸਿਆ ਕਿ ਫਰੀਦਕੋਟ ਵਿੱਚ ਅਜਿਹੇ 110 ਕਿਸਾਨ ਹਨ, ਜਿੰਨਾ ਕੋਲ ਤਕਰੀਬਨ 10 ਹਜ਼ਾਰ ਬਕਸੇ ਹਨ ਅਤੇ ਇਸ ਕਿੱਤੇ ਨਾਲ ਹੋਰ ਵੀ ਲੋਕ ਜੁੜ ਰਹੇ ਹਨ। ਇਸੇ ਤਰ੍ਹਾਂ ਹੀ ਸੂਰਜਮੁੱਖੀ ਦੀ ਖੇਤੀ ਦਾ ਰਕਬਾ ਵੀ ਜਿਲ੍ਹੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵਧਿਆ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਅਜਿਹੇ ਲਾਹੇਵੰਦ ਧੰਦਿਆਂ ਵਿੱਚ ਹੋਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਲੋੜ ਹੈ। ਬੈਠਕ ਵਿੱਚ ਹਾਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੂੰ ਸਪੀਕਰ ਸੰਧਵਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੋ 40 ਕੈਂਪ ਲਗਾਏ ਜਾਣੇ ਹਨ, ਉਹ ਇਸ ਢੰਗ ਨਾਲ ਲਗਾਏ ਜਾਣ ਤਾਂ ਜੋ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ ਅਤੇ ਉਨ੍ਹਾਂ ਕੋਲੋ ਫੀਡ ਬੈਕ ਫਾਰਮ ਵੀ ਭਰਵਾਏ ਜਾ ਸਕਣ।