ਐਸ ਏ ਐਸ ਨਗਰ, 18 ਜੁਲਾਈ – ਕਬੱਡੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀ ਕਬੱਡੀ ਅਕੈਡਮੀ ਮੌਲੀ ਬੈਦਵਾਨ ਦੇ ਖਿਡਾਰੀ ਵਿਦੇਸ਼ ਵਿੱਚ ਹੋਣ ਵਾਲੇ ਕਬੱਡੀ ਮੈਚਾਂ ਵਿੱਚ ਭਾਗ ਲੈਣ ਲਈ ਵਿਦੇਸ਼ ਰਵਾਨਾ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਅਤੇ ਕਬੱਡੀ ਕੋਚ ਮੱਖਣ ਸਿੰਘ ਕਜਹੇੜੀ ਨੇ ਦੱਸਿਆ ਕੇ ਕਬੱਡੀ ਅਕੈਡਮੀ ਮੌਲੀ ਬੈਦਵਾਨ ਦੇ 40 ਦੇ ਕਰੀਬ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ, ਜਿੰਨਾਂ ਨੂੰ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਖੇਡਣ ਦਾ ਮਾਣ ਹਾਸਲ ਹੋਇਆ ਹੈ। ਉਹਨਾਂ ਦੱਸਿਆ ਕਿ ਹੈਪੀ ਸੈਂਪਲੀ ਵਾਲਾ (ਅਮਰੀਕਾ), ਪੰਮਾ ਸੋਹਾਣਾ (ਅਮਰੀਕਾ ਅਤੇ ਕੈਨੇਡਾ), ਗੱਗੂ ਸੈਂਪਲੀ ਅਤੇ ਕੀਤੂ ਬੁੱਢਣਪੁਰ ਯੂਰੋਪ ਦਾ ਦੌਰਾ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਇਸ ਸੰਬੰਧੀ ਮੌਲੀ ਬੈਦਵਾਨ ਕਬੱਡੀ ਅਕੈਡਮੀ ਦੇ ਕਬੱਡੀ ਕੋਚ ਭੁਪਿੰਦਰ ਸਿੰਘ ਭਿੰਦਾ ਅਤੇ ਮੱਖਣ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਕਿ ਇਹ ਇਹ ਸਿਰਫ ਮੁਹਾਲੀ ਹਲਕੇ ਲਈ ਹੀ ਨਹੀਂ ਬਲਕਿ ਕਬੱਡੀ ਜਗਤ ਲਈ ਇੱਕ ਵੱਡੀ ਖਬਰ ਹੈ ਕਿ ਸਾਡੇ ਖਿਡਾਰੀ ਆਪਣੀ ਖੇਡ ਦੀਆਂ ਧੁੰਮਾਂ ਪਾਉਣ ਲਈ ਵਿਦੇਸ਼ ਰਵਾਨਾ ਹੋ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਪੰਜਾਬ ਵਿੱਚ ਖਿਡਾਰੀਆਂ ਦੇ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਖਿਡਾਰੀ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਅਤੇ ਆਪਣਾ ਭਵਿੱਖ ਵੀ ਸਵਾਰ ਸਕਣ।
ਇਸ ਮੌਕੇ ਸਟੇਟ ਅਵਾਰਡੀ ਫੂਲਰਾਜ ਸਿੰਘ ਨੇ ਕਿਹਾ ਕੇ ਮੌਲੀ ਬੈਦਵਾਨ ਅਕੈਡਮੀ ਨੇ ਕਬੱਡੀ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਮੁਹਾਲੀ ਦਾ ਨਾਮ ਹੀ ਨਹੀਂ ਸਗੋਂ ਪੰਜਾਬ ਦਾ ਨਾਮ ਦੇਸ਼ਾਂ – ਵਿਦੇਸ਼ਾਂ ਦੇ ਵਿੱਚ ਰੌਸ਼ਨ ਕੀਤਾ ਹੈ।