ਮਿਲਾਨ (ਸਾਬੀ ਚੀਨੀਆ), 12 ਜੁਲਾਈ- ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਵਰਦੇਲੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੈਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਲਗਾਤਾਰ ਦੂਸਰੇ ਸਾਲ ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਅਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਏ ਟੂਰਨਾਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ (ਲੜਕੇ ਅਤੇ ਲੜਕੀਆਂ), ਸਰਕਲ ਸਟਾਈਲ ਦੇ ਮੈਚ ਕਰਵਾਏ ਗਏ। ਇਸ ਤੋਂ ਇਲਾਵਾ ਇਲਾਵਾ ਅੰਡਰ 20 ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਇਸ ਦੌਰਾਨ ਕਬੱਡੀ ਦੇ ਮੁਕਾਬਲੇ ਦੇਖਣ ਨੂੰ ਮਿਲੇ। ਜੇਤੂਆਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਜਿਹਨਾਂ ਨੇ ਪ੍ਰਬੰਧਕਾਂ ਦੁਆਰਾ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ (ਲੜਕੇ) ਐਨ.ਆਰ.ਆਈ ਚੜ੍ਹਦੀਕਲਾ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਕੋਲਣ ਜਰਮਨ ਦੀ ਟੀਮ ਨੂੰ ਹਰਾਇਆ। ਪਹਿਲੇ ਸਥਾਨ ਤੇ ਰਹੀ ਟੀਮ ਨੂੰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਫਿਰੈਂਸਾ ਸਪੋਰਟਸ ਕਲੱਬ ਆਰੇਸੋ ਵੱਲੋਂ 2500 ਯੂਰੋ ਨਗਦ ਰਾਸ਼ੀ ਭੇਟ ਕੀਤੀ ਗਈ।
ਨੈਸ਼ਨਲ ਸਟਾਈਲ (ਲੜਕੇ) ਵਿੱਚ ਪੋਲੈਂਡ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਹਰਾਇਆ। ਪਹਿਲੇ ਸਥਾਨ ਤੇ ਰਹੀ ਟੀਮ ਨੂੰ ਮਨੀ ਗਿੱਲ ਦੁਆਰਾ 2100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ 1100 ਯੂਰੋ ਨਗਦ ਰਾਸ਼ੀ ਭੇਟ ਕੀਤੀ ਗਈ। ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਇਟਲੀ ਦੀ ਟੀਮ ਨੇ ਪੋਲੈਂਡ ਦੀ ਟੀਮ ਨੂੰ ਮਾਤ ਦਿੱਤੀ। ਜਿਸ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ ਸਮੂਹ ਸਾਧ ਸੰਗਤ ਰਾਜਾ ਸਾਹਿਬ ਜੀ ਇਟਲੀ (ਸੁਖਵਿੰਦਰ ਸਿੰਘ ਗੋਬਿੰਦਪੁਰੀ) ਵੱਲੋਂ 1100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਪੀ.ਬੀ.ਕੇ ਪੈਂਤੇਂਤੇ ਵੱਲੋਂ 700 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸੇ ਤਰਾਂ ਅੰਡਰ 20 ਸਰਕਲ ਕਬੱਡੀ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਫਿਰੈਂਸਾ ਸਪੋਰਟਸ ਕਲੱਬ ਆਰੇਸੋ ਅਤੇ ਦੂਸਰੇ ਸਥਾਨ ਤੇ ਪਾਕਿਸਤਾਨੀ ਸਪੋਰਟਸ ਕਲੱਬ ਬਰੇਸ਼ੀਆ ਰਹੀ, ਜਿਹਨਾਂ ਨੂੰ 700 ਅਤੇ 500 ਯੂਰੋ ਇਨਾਮ ਵੱਜੋਂ ਦਿੱਤੇ ਗਏ।