ਐਸ ਏ ਐਸ ਨਗਰ, 11 ਜੁਲਾਈ- ਰੈਜ਼ੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੇ ਬੈਨਰ ਥੱਲੇ ਸੈਕਟਰ 110 ਅਤੇ 111 ਦੇ ਵਸਨੀਕਾਂ ਵੱਲੋਂ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਪੀ. ਐਸ. ਪੀ. ਸੀ. ਐਲ, ਮੁਹਾਲੀ ਦੇ ਖਿਲਾਫ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ।
ਵੈਲਫੇਅਰ ਸੋਸਾਇਟੀ ਦੇ ਆਗੂਆਂ ਰਾਜਵਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ ਗੜਾਂਗ ਮੀਤ ਪ੍ਰਧਾਨ, ਹਰਮਿੰਦਰ ਸਿੰਘ ਸੋਹੀ, ਏ. ਐਸ. ਸੇਖੋਂ, ਗੁਰਬਚਨ ਸਿੰਘ ਮੰਡੇਰ, ਅਸ਼ੋਕ ਡੋਗਰਾ, ਸਾਧੂ ਸਿੰਘ, ਐਸ. ਕੇ. ਸ਼ਰਮਾ, ਸੁਖਬੀਰ ਸਿੰਘ ਢਿੱਲੋਂ ਨੇ ਦਸਿਆ ਕਿ ਇਹਨਾਂ ਸੈਕਟਰਾਂ ਵਿੱਚ 2019 ਤੋਂ ਬਿਜਲੀ ਸਪਲਾਈ ਦੀ ਸਮੱਸਿਆ ਲਗਾਤਾਰ ਚਲਦੀ ਆ ਰਹੀ ਹੈ, ਜਿਸ ਸਬੰਧੀ ਪੀ. ਐਸ. ਪੀ. ਸੀ. ਐਲ ਨੂੰ ਵਾਰ-ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਅਤੇ ਇਸ ਸਬੰਧੀ ਰੈਜ਼ੀਡੈਂਸ ਵੈਲਫੇਅਰ ਸੋਸਾਇਟੀ ਦੀਆਂ ਬਿਜਲੀ ਵਿਭਾਗ ਦੇ ਐਕਸੀਅਨ ਤਰਨਜੀਤ ਸਿੰਘ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਟੀ. ਡੀ. ਆਈ. ਬਿਲਡਰ ਨਾਲ ਸਿਰਫ ਚਿੱਠੀ ਪੱਤਰ ਕੀਤਾ ਗਿਆ ਹੈ, ਪਰ ਜਮੀਨੀ ਪੱਧਰ ਤੇ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀ ਹੋਇਆ, ਜਿਸ ਦਾ ਖਮਿਆਜਾ ਇੱਥੋਂ ਦੇ ਵਸਨੀਕ ਭੁਗਤ ਰਹੇ ਹਨ।
ਉਹਨਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਇਹਨਾਂ ਸੈਕਟਰਾਂ ਵਿੱਚ ਬਿਜਲੀ ਦੀ ਸਪਲਾਈ ਨਹੀਂ ਆਈ। ਉਹਨਾਂ ਕਿਹਾ ਕਿ ਇਹਨਾਂ ਸੈਕਟਰਾਂ ਦੀ ਸਪਲਾਈ ਮੀਂਹ ਦੇ ਪਾਣੀ ਨਾਲ ਹੀ ਪ੍ਰਭਾਵਿਤ ਨਹੀ ਹੋਈ, ਬਲਕਿ ਇਹ ਸਮੱਸਿਆ ਪਿਛਲੇ ਚਾਰ ਸਾਲਾਂ ਤੋਂ ਚਲ ਰਹੀ ਹੈ। ਇਸ ਸੰਬੰਧੀ ਐਸ. ਡੀ. ਐਮ ਸਰਬਜੀਤ ਕੌਰ ਵੱਲੋਂ ਵੀ ਇਹਨਾਂ ਸੈਕਟਰਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਹੀ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਦੀ ਡਿਊਟੀ ਲਗਾਈ ਗਈ ਕਿ ਕਿਸੇ ਵੀ ਕੀਮਤ ਤੇ ਇਹਨਾਂ ਸੈਕਟਰਾਂ ਦੀ ਸਪਲਾਈ ਨਿਰਵਿਘਨ ਚਲਾਈ ਜਾਵੇ।
ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦਸਿਆ ਕਿ ਬੀਤੀ 7 ਜੂਨ ਨੂੰ ਬਿਜਲੀ ਵਿਭਾਗ ਦੇ ਐਕਸੀਅਨ ਤਰਨਜੀਤ ਸਿੰਘ ਨਾਲ ਹੋਈ ਮੀਟਿੰਗ ਵਿੱਚ ਮੰਗ ਕੀਤੀ ਗਈ ਸੀ ਕਿ ਇਹਨਾਂ ਸੈਕਟਰਾਂ ਵਿੱਚ ਜਦੋਂ ਤੱਕ ਪੁਰਾਣੇ ਏਰੀਏ ਦੀਆਂ ਸਕੀਮਾਂ ਨੂੰ ਪੂਰਨ ਤੌਰ ਤੇਲਾਗੂ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਬਿਲਡਰ ਨੂੰ ਨਵੇਂ ਏਰੀਏ ਦੀ ਐਨ. ਓ. ਸੀ ਨਾ ਦਿੱਤੀ ਜਾਵੇ, ਪਰ ਬਿਜਲੀ ਵਿਭਾਗ ਨੇ ਖਾਮੀਆਂ ਹੋਣ ਦੇ ਬਾਵਜੂਦ ਵੀ 13 ਜੂਨ ਨੂੰ ਨਵੇਂ ਏਰੀਏ ਦੀ ਐਨ. ਓ. ਸੀ ਜਾਰੀ ਕਰ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਆਗੂਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸੰਬੰਧਿਤ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਟੀ. ਡੀ. ਆਈ ਬਿਲਡਰ ਨੂੰ ਦਿੱਤੀ ਗਈ ਨਵੀ ਐਨ.ਓ.ਸੀ ਰੱਦ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਇਹਨਾਂ ਸੈਕਟਰਾਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਲੋੜੀਂ ਦੀ ਕਦਮ ਚੁੱਕੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁੱਖ ਸਿੰਘ, ਸ਼ਿਲਪੀ ਹਸਤੀਰ, ਮੈਡਮ ਨੀਲੂ, ਬੰਤ ਸਿੰਘ ਭੁੱਲਰ, ਪ੍ਰੇਮ ਸਿੰਘ, ਸੰਜੇਵੀਰ, ਐਡਵੋਕੇਟ ਨਵਜੀਤ ਸਿੰਘ, ਮੋਹਿਤ ਮਦਾਨ, ਗਗਨਦੀਪ ਸਿੰਘ ਅਤੇ ਹੋਰ ਵਸਨੀਕ ਹਾਜਰ ਸਨ।