ਸਰੀ, 6 ਜੁਲਾਈ 2023-ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ (ਆਈਐਸਯੂ) ਵੱਲੋਂ ਬੀਤੀ ਸ਼ਾਮ ਸਰੀ ਦੇ ਇੰਪਾਇਰ ਬੈਂਕੁਇਟ ਹਾਲ ਵਿਚ ਕਰਵਾਇਆ ਗਿਆ ਪਹਿਲਾ ਇੰਟਰ ਕਾਲਜ ਯੂਥ ਫੈਸਟੀਵਲ ਬੇਹੱਦ ਸਫਲ ਅਤੇ ਪ੍ਰਭਾਵਸ਼ਾਲੀ ਰਿਹਾ। ਇਸ ਫੈਸਟੀਵਲ ਵਿਚ ਮੈਟਰੋ ਵੈਨਕੂਵਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਗੀਤ, ਸੋਲੋ ਨਾਚ, ਗਿੱਧਾ ਅਤੇ ਭੰਗੜਾ ਦੇ ਮੁਕਾਬਲਿਆਂ ਵਿਚ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾਤਿਮਕ ਪ੍ਰਤਿਭਾ ਦਾ ਬਾਖੂਬੀ ਪ੍ਰਦਰਸ਼ਨ ਕਰਕੇ ਸੈਂਕੜੇ ਦਰਸ਼ਕਾਂ ਦਾ ਮਨ ਮੋਹ ਲਿਆ।
ਸਭ ਤੋਂ ਪਹਿਲਾਂ ਹੋਏ ਗੀਤ ਮੁਕਾਬਲੇ ਵਿਚ ਸਾਰੇ ਵਿਦਿਆਰਥੀ ਗਾਇਕਾਂ ਦੀ ਪੇਸ਼ਕਾਰੀ ਨੇ ਉਨ੍ਹਾਂ ਵਿਚਲੀ ਸੰਵਾਭਨਾ ਨੂੰ ਖੂਬਸੂਰਤ ਅੰਦਾਜ਼ ਵਿਚ ਉਜਾਗਰ ਕੀਤਾ। ਇਸ ਮੁਕਾਬਲੇ ਵਿਚ ਲੰਗਾਰਾ ਕਾਲਜ ਦੇ ਵਿਦਿਆਰਥੀ ਆਸਿਫ ਅਲੀ ਦੀ ਅਦਾਇਗੀ ਨੇ ਨੁਸਰਤ ਫਤਹਿ ਅਲੀ ਖਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਆਸਿਫ ਅਲੀ ਨੂੰ ਪਹਿਲੇ ਇਨਾਮ ਨਾਲ ਨਿਵਾਜਿਆ ਗਿਆ। ਵੈਨਕੂਵਰ ਕਮਰਸ਼ੀਅਲ ਕਾਲਜ ਦੀ ਸਿਮਰਨਜੀਤ ਕੌਰ ਨੇ ‘ਚੰਨਾ ਵੇ ਮੇਰਾ ਦਿਲ ਕਰਦਾ’ ਨੂੰ ਸੁਰੀਲੀ ਸੁਰ ਦੇ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ ਅਤੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਸੋਲੋ ਨਾਚ ਵਿਚ ਨਵਨੀਤ ਕੌਰ ਦੀ ਦਿਲਕਸ਼ ਪੇਸ਼ਕਾਰੀ ਦੇਖ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ ਅਤੇ ਉਸ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ।
ਗਿੱਧੇ ਦੇ ਮੁਕਾਬਲੇ ਵਿਚ ਲੰਗਾਰਾ ਕਾਲਜ ਅਤੇ ਕੇ.ਪੀ.ਯੂ. ਦੀਆਂ ਟੀਮਾਂ ਨੇ ਨੱਚ ਨੱਚ ਧਮਾਲ ਪਾਈ। ਕੇ.ਪੀ.ਯੂ. ਦੀ ਗਿੱਧਾ ਟੀਮ ਦੀਆਂ ਮੁਟਿਆਰਾਂ ਸੁਪਰੀਤ, ਰੂਪਈਸ਼ਵਰ, ਅਮਨਦੀਪ, ਜਸਮੀਨ, ਰਸ਼ਮਾਂ, ਗੁਰਲੀਨ, ਨਵਰੀਨ, ਖੁਸ਼ਵੀਰ, ਪਰਮਿੰਦਰ ਅਤੇ ਜਸਲੀਨ ਦੀ ਪੇਸ਼ਕਾਰੀ ਦਰਸ਼ਕ-ਮਨਾਂ ਵਿਚ ਏਨੀ ਡੂੰਘੀ ਲਹਿ ਗਈ ਕਿ ਲਗਾਤਾਰ ਕਈ ਮਿੰਟ ਤਾੜੀਆਂ ਦੀ ਗੂੰਜ ਨੇ ਗਿੱਧਾ ਪਾਉਣ ਵਾਲੀਆਂ ਮੁਟਿਆਰਾਂ ਨੂੰ ਹਵਾ ਵਿਚ ਉਡਾਰੀਆਂ ਲਾਉਣ ਲਾ ਦਿੱਤਾ। ਇਸ ਮੁਕਾਬਲੇ ਦੇ ਪਹਿਲੇ ਇਨਾਮ ਦਾ ਸਿਹਰਾ ਵੀ ਇਨ੍ਹਾਂ ਮੁਟਿਆਰਾਂ ਦੇ ਹਿੱਸੇ ਹੀ ਆਇਆ। ਇਸੇ ਤਰ੍ਹਾਂ ਭੰਗੜੇ ਦੇ ਮੁਕਾਬਲੇ ਵਿਚ ਕੋਲੰਬੀਆ ਕਾਲਜ ਦੀ ਭੰਗੜਾ ਟੀਮ ਅਤੇ ਕੇ.ਪੀ.ਯੂ. ਦੀ ਭੰਗੜਾ ਕਲਾਕਾਰਾਂ ਨੇ ਦਿਲਕਸ਼ ਪੇਸ਼ਕਾਰੀ ਨਾਲ ਪ੍ਰੋਗਰਾਮ ਨੂੰ ਸਿਖਰਾਂ ‘ਤੇ ਪੁਚਾਇਆ ਅਤੇ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡੀ। ਇਸ ਮੁਕਾਬਲੇ ਵਿਚ ਕੇ.ਪੀ.ਯੂ. ਦੇ ਕਲਾਕਾਰਾਂ ਨੇ ਬਾਜ਼ੀ ਮਾਰੀ ਅਤੇ ਕੋਲੰਬੀਆ ਕਾਲਜ ਦੇ ਕਲਾਕਾਰ ਦੂਜੇ ਸਥਾਨੇ ‘ਤੇ ਰਹੇ।
ਕੈਨੇਡਾ ਦੀ ਧਰਤੀ ਤੇ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿਚ ਪੰਜਾਬ ਦਾ ਜਵਾਨ ਦਿਲ ਧੜਕ ਰਿਹਾ ਸੀ, ਸੈਂਕੜੇ ਜਵਾਨ-ਦਿਲਾਂ ਦੀ ਆਵਾਜ਼ ਸਾਫ ਸੁਣਾਈ ਦਿੱਤੀ ਅਤੇ ਪੰਜਾਬੀ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਲਈ ਨਵੀਆਂ ਸੰਭਾਨਾਵਾਂ ਦਾ ਸਿਰ ਚੜ੍ਹ ਬੋਲ ਰਹੀਆਂ ਸਨ।