ਕੋਲਕਾਤਾ – ਸੀ ਬੀ ਆਈ (ਕੇਂਦਰੀ ਜਾਂਚ ਬਿਊਰੋ) ਨੇ ਅੱਜ ਸਵੇਰੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਸਮੇਤ ਚਾਰ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਆਗੂਆਂ ਵਿੱਚ ਮਮਤਾ ਸਰਕਾਰ ਦੇ ਮੰਤਰੀ ਸੁਬ੍ਰਤ ਮੁਖਰਜੀ ਅਤੇ ਫਿਰਹਾਦ ਹਕੀਮ ਤੋਂ ਇਲਾਵਾ ਵਿਧਾਇਕ ਸ਼ੋਭਨਦੇਵ ਚਟੋਪਾਧਿਆਏ ਅਤੇ ਮਦਨਾ ਮਿੱਤਰਾ ਸ਼ਾਮਲ ਹੈ। ਇਹ ਸਾਰੇ ਆਗੂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਸਾਕੀ ਹਨ। ਇਸ ਦੌਰਾਨ ਆਪਣੇ ਮੰਤਰੀਆਂ ਦੀ ਗ੍ਰਿਫ਼ਤਾਰੀ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਕੋਲਕਾਤਾ ਦੇ ਮਿੰਟੋ ਪਾਰਕ ਸਥਿਤ ਸੀ ਬੀ ਆਈ ਦਫ਼ਤਰ ਪਹੁੰਚ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੀ ਬੀ ਆਈ ਦੀ ਟੀਮ ਇਨ੍ਹਾਂ ਆਗੂਆਂ ਦੇ ਘਰ ਪਹੁੰਚੀ। ਸੀ ਬੀ ਆਈ ਨਾਲ ਸੈਂਟਰਲ ਫੋਰਸ ਦੇ ਜਵਾਨ ਵੀ ਸਨ ਅਤੇ ਇਨ੍ਹਾਂ ਲੋਕਾਂ ਨੂੰ ਸੀ ਬੀ ਆਈ ਦੇ ਅਧਿਕਾਰੀ ਨਿਜਾਮ ਪੈਲੇਸ ਲੈ ਗਏ। ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਕਾਰਵਾਈ ਲਈ ਰਾਜਪਾਲ ਦੀ ਇਜਾਜ਼ਤ ਦੀ ਲੋੜ ਸੀ ਜਿਹੜੀ ਰਾਜਪਾਲ ਜਗਦੀਪ ਧਨਖੜ ਵਲੋਂ ਪਹਿਲਾਂ ਹੀ ਦੇ ਦਿੱਤੀ ਗਈ ਹੈ ਇਸ ਲਈ ਵਿਧਾਨ ਸਭਾ ਸਪੀਕਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ।ਇੱਥੇ ਜਿਕਰਯੋਗ ਹੈ ਕਿ 2016 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦ ਸਟਿੰਗ ਆਪਰੇਸ਼ਨ ਦੀ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਸੱਤਾਧਾਰੀ ਪਾਰਟੀ ਟੀ. ਐੱਮ. ਸੀ. ਦੇ ਇਹ ਵੱਡੇ ਆਗੂ ਕੈਮਰੇ ਦੇ ਸਾਹਮਣੇ ਰਿਸ਼ਵਤ ਲੈ ਕੇ ਇਕ ਫਰਜ਼ੀ ਕੰਪਨੀ ਨੂੰ ਕਾਰੋਬਾਰ ਵਿੱਚ ਮਦਦ ਕਰਨ ਦਾ ਭਰੋਸਾ ਦਿੰਦੇ ਨਜ਼ਰ ਆਏ ਸਨ। ਇਕ ਫਰਜੀ ਕੰਪਨੀ ਦੇ ਸੀ. ਈ. ਓ. ਬਣੇ ਨਾਰਦ ਨਿਊਜ਼ ਪੋਰਟਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਥਿਊ ਸੈਮੂਅਲ ਵੱਲੋਂ ਕੀਤੇ ਗਏ ਸਟਿੰਗ ਆਪਰੇਸ਼ਨ ਵਿੱਚ ਜੋ ਵੀਡੀਓ ਸਾਹਮਣੇ ਆਈ ਸੀ ਉਸ ਵਿੱਚ ਇਨ੍ਹਾਂ ਆਗੂਆਂ ਨੂੰ ਰਿਸ਼ਵਤ ਲੈਂਦੇ ਦਿਖਾਇਆ ਗਿਆ ਸੀ।