ਮੁੰਬਈ, 4 ਜੁਲਾਈ – ਉੱਘੀ ਬਾਲੀਵੁੱਡ ਅਦਾਕਾਰਾ ਤੇ ਉਦਯੋਗਪਤੀ ਅਨਿਲ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ ਅੱਜ ਇੱਕ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ। ਇਸ ਤੋਂ ਪਹਿਲਾਂ ਅਨਿਲ ਅੰਬਾਨੀ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਫੇਮਾ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ।
ਫੇਮਾ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਅਨਿਲ ਅੰਬਾਨੀ ਬੀਤੇ ਦਿਨ ਮੁੰਬਈ ਦੇ ਬੈਲਾਰਡ ਅਸਟੇਟ ਇਲਾਕੇ ਵਿਚ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 ਵਿਚ ਅਨਿਲ ਯੈੱਸ ਬੈਂਕ ਲੋਨ ਰਿਸ਼ਵਤ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਸੀ। ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।ਪਿਛਲੇ ਸਾਲ ਸਤੰਬਰ ਵਿਚ ਬੰਬੇ ਹਾਈ ਕੋਰਟ ਨੇ 420 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ ਵਿਚ ਅੰਬਾਨੀ ਨੂੰ ਕੁਝ ਰਾਹਤ ਦਿੱਤੀ ਸੀ। ਅਦਾਲਤ ਨੇ ਇਨਕਮ ਟੈਕਸ ਵਿਭਾਗ ਨੂੰ ਕਿਹਾ ਸੀ ਕਿ ਉਹ ਅਨਿਲ ਅੰਬਾਨੀ ਖਿਲਾਫ ਕੋਈ ਦੰਡਕਾਰੀ ਕਾਰਵਾਈ ਨਾ ਕਰੇ।