ਮਾਛੀਵਾਡ਼ਾ , 3 ਜੁਲਾਈ 2023 : ਸਾਹਿਬ ਸਥਾਨਕ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਵਿਖੇ ਸਾਬਕਾ ਫੌਜੀ ਗਰੀਬ ਦਾਸ ਵਾਸੀ ਬਲੀਏਵਾਲ ਦੀ ਇੱਕ ਔਰਤ ਦੇ ਘਰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਜਿਸ ’ਤੇ ਪੁਲਸ ਨੇ ਦੋ ਔਰਤਾਂ ਸੀਮਾ ਅਤੇ ਉਰਮਿਲਾ ਦੇਵੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਲਡ਼ਕੇ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਿਤਾ 2016 ਵਿਚ ਫੌਜ ਤੋਂ ਸੇਵਾਮੁਕਤ ਹੋਇਆ ਸੀ ਜਿਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਪ੍ਰਾਈਵੇਟ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਰਿਹਾ। ਬਿਆਨਕਰਤਾ ਅਨੁਸਾਰ ਉਸਦਾ ਪਿਤਾ ਹੁਣ ਪਿਛਲੇ 3-4 ਸਾਲ ਤੋਂ ਵਿਹਲਾ ਸੀ ਅਤੇ ਸਾਨੂੰ ਪਤਾ ਲੱਗਾ ਕਿ ਉਹ ਮਾਛੀਵਾਡ਼ਾ ਵਿਖੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਦੀ ਔਰਤ ਸੀਮਾ ਜੋ ਕਿ ਗਲਤ ਕੰਮ ਕਰਦੀ ਹੈ ਉਸ ਕੋਲ ਆਉਂਦਾ ਜਾਂਦਾ ਸੀ।
ਮ੍ਰਿਤਕ ਦੇ ਲਡ਼ਕੇ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਇੱਕ ਵਾਰ ਉਹ ਇਸ ਔਰਤ ਦੇ ਘਰੋਂ ਲੈ ਕੇ ਵੀ ਆਇਆ ਅਤੇ ਚਿਤਾਵਨੀ ਵੀ ਦੇ ਕੇ ਆਇਆ ਸੀ ਕਿ ਉਸਦੇ ਪਿਤਾ ਨੂੰ ਆਪਣੇ ਘਰ ਨਾ ਵਾਡ਼ੇ ਪਰ ਉਕਤ ਔਰਤ ਸੀਮਾ ਉਸ ਦੇ ਪਿਤਾ ਨੂੰ ਬੁਲਾਉਣੋਂ ਨਾ ਹਟੀ। ਬਿਆਨਕਰਤਾ ਅਨੁਸਾਰ ਕੱਲ੍ਹ 1 ਜੁਲਾਈ ਨੂੰ ਵੀ ਮੇਰਾ ਪਿਤਾ ਘਰ ਦੱਸੇ ਬਿਨ੍ਹਾਂ ਮਾਛੀਵਾਡ਼ਾ ਵਿਖੇ ਉਕਤ ਸੀਮਾ ਦੇ ਘਰ ਆ ਗਿਆ ਜਿੱਥੇ ਉਸ ਔਰਤ ਨੇ ਆਪਣੇ ਸੈਕਸ ਦੀ ਪੂਰਤੀ ਲਈ ਗਰੀਬ ਦਾਸ ਨੂੰ ਸ਼ਰਾਬ ਵਿਚ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ। ਉਕਤ ਔਰਤ ਦੇ ਘਰ ਵਿਚ ਹੀ ਗਰੀਬ ਦਾਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸੀਮਾ ਨੇ ਆਪਣੀ ਗੁਆਂਢਣ ਉਰਮਿਲਾ ਦੇਵੀ ਨਾਲ ਮਿਲ ਕੇ ਮ੍ਰਿਤਕ ਗਰੀਬ ਦਾਸ ਦੀ ਲਾਸ਼ ਨੂੰ ਘਰੋਂ ਕੱਢ ਕੇ ਬਾਹਰ ਖਾਲੀ ਪਲਾਟ ਵਿਚ ਰੱਖ ਦਿੱਤਾ। ਬਿਆਨਕਰਤਾ ਅਨੁਸਾਰ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਭਰਾ ਤੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਲੈ ਕੇ ਰਾਹੋਂ ਰੋਡ ’ਤੇ ਸਥਿਤ ਉਸ ਕਾਲੋਨੀ ਵਿਚ ਪੁੱਜੇ ਜਿੱਥੇ ਸਾਨੂੰ ਪਤਾ ਲੱਗਾ ਕਿ ਉਸਦੇ ਪਿਤਾ ਗਰੀਬ ਦਾਸ ਦੀ ਮੌਤ ਸੀਮਾ ਵਲੋਂ ਸ਼ਰਾਬ ਵਿਚ ਕੋਈ ਨਸ਼ੀਲੀ ਵਸਤੂ ਪਿਲਾਉਣ ਕਾਰਨ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਦੋ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।