ਮਿੱਥਕੇ ਹੱਤਿਆ ਕਰਨ ਲਈ ਗਿਰੋਹ ਤਿਆਰ ਕਰ ਰਿਹਾ ਜਸਪ੍ਰੀਤ ਉਰਫ ਨੂਪੀ ਸਾਲ 2012 ਵਿੱਚ ਭਾਰਤੀ ਫੌਜ ਵਿੱਚ ਹੋਇਆ ਸੀ ਭਰਤੀ : ਡੀਜੀਪੀ ਦਿਨਕਰ ਗੁਪਤਾ
ਚੰਡੀਗੜ – ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਵਿਦੇਸ਼ਾਂ ਵਿੱਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੀ ਸ਼ੈਅ ’ਤੇ ਮਿੱਥ ਕੇ ਕਤਲੇਆਮ ਕਰਨ ਲਈ 4 ਕਾਰਕੰੁਨਾਂ ਨੂੰ ਗਿ੍ਰਫਤਾਰ ਕਰਕੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਅਪ੍ਰੈਲ 2021 ਦੌਰਾਨ ਪਟਿਆਲਾ ਜੇਲ ਤੋੜ ਕੇ ਫਰਾਰ ਹੋਣ ਵਾਲਾ ਭਾਰਤੀ ਫੌਜ ਦਾ ਇੱਕ ਸਾਬਕਾ ਸਿਪਾਹੀ ਵੀ ਸ਼ਾਮਲ ਹੈ।ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ, ਜੋ ਕਿ ਸਾਲ 2012 ਵਿੱਚ ਸਿਪਾਹੀ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਨੂੰ 2017 ਵਿੱਚ ਇੱਕ ਕਤਲ ਦੇ ਕੇਸ ਵਿੱਚ ਜੇਲ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਨੂਪੀ ਵਿਦੇਸ਼ ਅਧਾਰਤ ਕੇਐਲਐਫ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਆਇਆ ਅਤੇ ਉਸਨੂੰੂ ਰਾਜ ਵਿੱਚ ਮਿੱਥ ਕੇ ਹੱਤਿਆ ਕਰਨ ਵਾਸਤੇ ਅੱਤਵਾਦੀ ਗਿਰੋਹ ਬਣਾਉਣ ਲਈ ਪ੍ਰੇਰਿਆ।ਸ਼੍ਰੀ ਗੁਪਤਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਹੋਰ ਤਿੰਨ ਵਿਅਕਤੀਆਂ ਦੀ ਪਛਾਣ ਰੋਪੜ ਦੇ ਪਿੰਡ ਫਤਿਹਪੁਰ ਬੁੰਗਾ ਦੇ ਵਸਨੀਕ ਜਸਵਿੰਦਰ ਸਿੰਘ, ਜਿਲਾ ਸਿਰਸਾ ਦੇ ਪਿੰਡ ਕਲੀਆਵਾਲਾ ਦੇ ਗੌਰਵ ਜੈਨ ਉਰਫ ਮਿੰਕੂ ਅਤੇ ਮੇਰਠ ਯੂਪੀ ਦੇ ਵਸਨੀਕ ਪਰਸ਼ਾਂਤ ਸਿਲੇਨ ਉਰਫ ਕਬੀਰ ਜੋ ਕਿ ਮੌਜੂਦਾ ਸਮੇਂ ਦੌਰਾਨ ਚੰਡੀਗੜ ਦੇ ਧਨਾਸ ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਖੰਨਾ ਗੁਰਸ਼ਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਜੀ.ਟੀ ਰੋਡ ਖੰਨਾ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਈਟੀਓਸ ਕਾਰ ਨੂੰ ਰੋਕਿਆ ਅਤੇ ਕਾਰ ਵਿੱਚੋਂ ਬਾਹਰ ਨਿਕਲੇ ਤਿੰਨ ਵਿਅਕਤੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਪੁਲਿਸ ਪਾਰਟੀ ਨੇ ਜਸਵਿੰਦਰ ਅਤੇ ਮਿੰਕੂ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂ ਕਿ ਨੂਪੀ ਨੂੰ ਬਾਅਦ ਵਿੱਚ ਉਸਦੇ ਇੱਕ ਹੋਰ ਸਾਥੀ, ਕਬੀਰ ਸਮੇਤ ਗਿ੍ਰਫਤਾਰ ਕਰ ਕੀਤਾ ਗਿਆ।ਪੁਲਿਸ ਨੇ ਦੋਸ਼ੀ ਵਿਅਕਤੀਆਂ ਦੇ ਕਬਜੇ ਵਿਚੋਂ ਦੋ 0.32 ਬੋਰ ਪਿਸਤੌਲ ਸਮੇਤ 4 ਮੈਗਜ਼ੀਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਨਕਲੀ ਰਜਿਸਟ੍ਰੇਸਨ ਨੰਬਰ ਪੀਬੀ 01 ਏ.ਐਸ 6845 ਵਾਲੀ ਇੱਕ ਈਟੀਓਸ ਕਾਰ , ਜਿਸ ਨੂੰ ਨੂਪੀ ਨੇ ਪਿਛਲੇ ਮਹੀਨੇ ਜੀਰਕਪੁਰ ਤੋਂ ਬੰਦੂਕ ਦੀ ਨੋਕ ’ਤੇ ਖੋਹ ਲਿਆ ਸੀ, ਨੂੰ ਵੀ ਬਰਾਮਦ ਕੀਤਾ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਫਤੀਸ ਦੌਰਾਨ ਨੂਪੀ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ 3 ਜੁਲਾਈ 2021 ਨੂੰ ਖਰੜ ਦੇ ਇੱਕ ਪੈਟਰੋਲ ਪੰਪ ਤੋਂ 50000 ਰੁਪਏ ਲੁੱਟਣ ਤੋਂ ਇਲਾਵਾ ਈਟੀਓਸ ਕਾਰ ਵੀ ਖੋਹੀ ਸੀ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਨੂਪੀ ਨੇ ਖੁਲਾਸਾ ਕੀਤਾ ਕਿ ਉਹ ਅੱਤਵਾਦੀ ਭਾਰਤ ਵਿਰੋਧੀ ਵਿਅਕਤੀਆਂ ਅਤੇ ਕੇ.ਐਲ.ਐਫ. ਦੇ ਅੱਤਵਾਦੀ ਸੰਗਠਨ ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਤੱਤਾਂ ਦੇ ਸੰਪਰਕ ਵਿੱਚ ਆਇਆ ਸੀ ਜਿਹਨਾਂ ਨੇ ਉਸ ਨੂੰ ਵਿਦੇਸ਼ ਤੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਲਈ ਫੰਡ ਮੁਹੱਈਆ ਕਰਵਾਏ ਸਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਲਈ ਯੂ.ਪੀ. ਤੋਂ ਪਿਸਤੌਲਾਂ ਦਾ ਪ੍ਰਬੰਧ ਵੀ ਕੀਤਾ ਸੀ। ਉਹਨਾਂ ਅੱਗੇ ਕਿਹਾ ਕਿ ਨੂਪੀ ਨੇ ਆਪਣੇ ਹਿੰਸਕ ਇਰਾਦਿਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਵਿਚ ਉੱਚ ਸੰਵੇਦਨਸ਼ੀਲ ਖੇਤਰਾਂ ਦੀ ਰੇਕੀ ਵੀ ਕੀਤੀ ਸੀ। ਐਸ.ਐਸ..ਪੀ ਖੰਨਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਮਡਿਊਲ ਨੇ ਵੈਸਟਰਨ ਯੂਨੀਅਨ, ਪੇਅਟੀਐਮ ਆਦਿ ਸਮੇਤ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਅਤੇ ਵਿਦੇਸ਼ੀ ਹੈਂਡਲਰਜ ਵਲੋਂ ਉਤਰਾਖੰਡ ਦੇ ਰੁਦਰਪੁਰ ਤੋਂ ਮੈਡਿਊਲ ਨੂੰ ਤਿੰਨ ਹਥਿਆਰ ਮੁਹੱਈਆ ਕਰਵਾਏ ਗਏ ਸਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।ਇਸ ਦੌਰਾਨ ਥਾਣਾ ਸਿਟੀ -2 ਖੰਨਾ ਵਿਖੇ ਆਈਪੀਸੀ ਦੀ ਧਾਰਾ 379-ਬੀ, 411/34, 307, 332 ਅਤੇ 336 ਅਤੇ ਆਰਮਜ ਐਕਟ ਦੀ ਧਾਰਾ 25 ਅਧੀਨ ਮਿਤੀ 04.07.21 ਨੂੰ ਐਫਆਈਆਰ ਨੰ. 140 ਦਰਜ ਕੀਤੀ ਗਈ ਹੈ।