ਐਸ ਏ ਐਸ ਨਗਰ, 20 ਜੂਨ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਇਦਿਆਂ ਅਤੇ ਗਾਰੰਟੀਆ ਨੂੰ ਇੱਕ ਇੱਕ ਕਰਕੇ ਪੂਰਾ ਕਰ ਰਹੀ ਹੈ। ਪਿੰਡ ਕੰਬਾਲੀ ਵਿਖੇ ਬਲਕ ਮਟੀਰੀਅਲ ਮਾਰਕੀਟ ਵਿੱਚ ਸੜਕਾਂ ਤੇ ਪ੍ਰੀਮਿਕਸ ਕਾਰਪਟਿੰਗ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਆਪ ਵੱਲੋਂ ਜੋ ਜੋ ਵਾਅਦੇ ਅਤੇ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਕਦਮ ਵਧਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਪਿੰਡ ਕੰਬਾਲੀ ਅਤੇ ਫੇਜ਼ 11 ਵਿੱਚ ਦੇ ਲੋਕਾਂ ਨੂੰ ਇਸ ਸੜਕ ਦੇ ਬਣਨ ਨਾਲ ਕਾਫੀ ਸਹੂਲਤ ਹੋਵੇਗੀ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਹ ਸੜਕ 1-ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ ਹੈ,ਜਿਹੜੀ ਕਿ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ।
ਉਹਨਾਂ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦਾ ਮੌਕਾ ਮਿਲਦਾ ਹੈ (ਜਿਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਤੇ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ) ਤਾਂ ਉਹਨਾਂ ਨੂੰ ਬੜੀ ਤਸੱਲੀ ਅਤੇ ਮਾਣ ਮਹਿਸੂਸ ਹੁੰਦਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਪਿੰਡਾਂ ਦੇ ਵਿੱਚ ਜਾਣਗੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਮੁਕੰਮਲ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵੱਲੋਂ ਨਵੇਂ ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ 320 ਵਾਧੂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਨਾਲ ਪੰਜਾਬ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਅਤੇ ਪੰਜਾਬ ਵਿੱਚ ਉੱਚ ਮਿਆਰੀ ਸਿੱਖਿਆ ਨੂੰ ਬਲ ਮਿਲੇਗਾ। ਉਹਨਾਂ ਕਿਹਾ ਕਿ ਇਸ ਫ਼ੈਸਲੇ ਦੇ ਨਾਲ ਪੰਜਾਬ ਭਰ ਵਿਚ ਨਵੇ ਖੁਲੇ ਕਾਲਜਾਂ ਦੇ ਵਿਚ ਲੋੜੀਂਦੇ ਲੋੜੀਂਦੇ ਪ੍ਰੋਫੈਸਰਾਂ ਅਤੇ ਸਟਾਫ ਦੀ ਤਾਇਨਾਤੀ ਯਕੀਨੀ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਕੈਬਨਿਟ ਦੇ ਇਸ ਫ਼ੈਸਲੇ ਨਾਲ ਵਿਦਿਆਰਥੀ ਵਰਗ ਨੂੰ ਫਾਇਦਾ ਪਹੁੰਚੇਗਾ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਯਤਨਸ਼ੀਲ ਹੈ।
ਪਿੰਡ ਕੰਬਾਲੀ ਵਿਖੇ ਕੀਤੇ ਗਏ ਇਸ ਸੜਕ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ, ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾ, ਐਸ. ਈ. ਨਰੇਸ਼, ਕੁਮਾਰ ਬੱਤਾ, ਹਰਸ਼ ਕੰਬਾਲੀ, ਹਰਮੇਸ਼ ਸਿੰਘ ਕੁੰਬੜਾ, ਡਾ. ਕੁਲਦੀਪ ਸਿੰਘ, ਸੁਖਮਿੰਦਰ ਸਿੰਘ ਬਰਨਾਲਾ ਅਤੇ ਡਾ. ਰਾਜਿੰਦਰ ਸਿੰਘ ਹਾਜਰ ਸਨ।