ਐਸ ਏ ਐਸ ਨਗਰ, 17 ਜੂਨ – ਸਥਾਨਕ ਫੇਜ਼ 1 ਦੀ ਸ਼ੋਰੂਮ ਮਾਰਕੀਟ ਵਿੱਚ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪੈਸੇ ੲੱਕਠੇ ਕਰਕੇ ਉੱਥੇ ਆਮ ਲੋਕਾਂ ਨੂੰ ਪੀਣ ਵਾਲੇ ਠੰਡੇ ਪਾਣੀ ਦੀ ਸਹੂਲੀਅਤ ਦੇਣ ਲਈ ਲਗਵਾਏ ਗਏ ਵਾਟਰ ਕੂਲਰ ਨੂੰ ਅੱਜ ਸਵੇਰੇ ਨਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਵਲੋਂ ਪੁੱਟ ਦਿੱਤਾ ਗਿਆ ਅਤੇ ਨਿਗਮ ਦੇ ਕਰਮਚਾਰੀ ਇਸ ਕੂਲਰ ਨੂੰ ਟ੍ਰਾਲੀ ਵਿੱਚ ਲੱਦ ਕੇ ਨਾਲ ਲੈ ਗਏ।
ਇਸ ਸੰਬੰਧੀ ਨਗਰ ਨਿਗਮ ਦੇ ਐਸ ਡੀ ਉ ਸ੍ਰੀ ਸੰਦੀਪ ਸੈਣੀ ਨੇ ਕਿਹਾ ਕਿ ਇਸ ਥਾਂ ਮਾਰਕੀਟ ਵਾਲਿਆਂ ਨੇ ਪੱਕਾ ਸਟ੍ਰਕਚਾਰ ਬਣਵਾ ਦਿੱਤਾ ਸੀ ਜਿਸਤੋਂ ਇਹਨਾਂ ਨੂੰ ਰੋਕਿਆ ਗਿਆ ਸੀ ਅਤੇ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰੰਤੂ ਦੁਕਾਨਦਾਰਾਂ ਵਲੋਂ ਪੱਕਾ ਸਟ੍ਰਕਚਰ ਬਣਾ ਕੇ ਇੱਥੇ ਵਾਟਰ ਕੂਲਰ ਲਗਾਇਆ ਗਿਆ ਸੀ ਅਤੇ ਨਗਰ ਨਿਗਮ ਵਲੋਂ ਇਹ ਸਟ੍ਰਕਚਰ ਤੋੜ ਦਿੱਤਾ ਗਿਆ ਹੈ।
ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਨਗਰ ਨਿਗਮ ਦੇ ਇੱਕ ਐਸ ਡੀ ਓ ਦੀ ਅਗਵਾਈ ਵਿੱਚ ਆਏ ਨਿਗਮ ਦੇ ਕਰਮਚਾਰੀਆਂ ਵਲੋਂ ਇੱਥੇ ਲਗਾਇਆ ਗਿਆ ਵਾਟਰ ਕੂਲਰ ਦਾ ਬੇਸ ਤੋੜ ਦਿਤਾ ਗਿਆ ਅਤੇ ਨਿਗਮ ਕਰਮਚਾਰੀ ਵਾਟਰ ਕੂਲਰ ਟਰਾਲੀ ਵਿੱਚ ਲੱਦ ਕੇ ਲੈ ਗਏ। ਉਹਨਾਂ ਦੱਸਿਆ ਕਿ ਇਸ ਸੰਬੰਧੀ ਨਗਰ ਨਿਗਮ ਵਲੋਂ ਮਾਰਕੀਟ ਵਾਲਿਆਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਅਤੇ ਬਾਅਦ ਵਿੱਚ ਨਗਰ ਨਿਗਮ ਦੇ ਕਰਮਚਾਰੀ ਖੁਦ ਹੀ ਇਹ ਵਾਟਰ ਕੂਲਰ ਉੱਥੇ ਛੱਡ ਕੇ ਚਲੇ ਗਏ। ਇਸ ਮੌਕੇ ਕੂਲਰ ਛੱਡਣ ਆਏ ਕਰਮਚਾਰੀਆਂ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਦੀਆਂ ਹਿਦਾਇਤਾਂ ਤੇ ਉਹ ਕੂਲਰ ਛੱਡਣ ਆਏ ਹਨ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਦੁਕਾਨਦਾਰਾਂ ਵਲੋਂ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਇਹ ਵਾਟਰ ਕੂਲਰ ਆਮ ਲੋਕਾਂ ਸਹੂਲੀਅਤ ਲਈ ਲਗਵਾਇਆ ਗਿਆ ਹੈ ਜਿਸਤੇ ਉਹਨਾਂ ਨੇ ਨਿਗਮ ਕਰਮਚਾਰੀਆਂ ਨੂੰ ਵਾਟਰ ਕੂਲਰ ਵਾਪਸ ਛੱਡ ਕੇ ਆਉਣ ਲਈ ਕਿਹਾ ਸੀ।