October 14, 2021 -ਐਸ ਏ ਐਸ ਨਗਰ, 14 ਅਕਤੂਬਰ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਭਾਗੋਮਾਜਰਾ ਦੇ ਖ਼ਰੀਦ ਕੇਂਦਰ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ਉਤੇ ਮੌਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਆਦੇਸ਼ ਦਿੱਤੇ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਦੇ ਵੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਕਿਸਾਨਾਂ ਨੂੰ ਫ਼ਸਲ ਦੀ ਖ਼ਰੀਦ, ਚੁਕਾਈ ਤੇ ਅਦਾਇਗੀ ਨਾਲੋਂ-ਨਾਲ ਹੁੰਦੀ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਕੋਈ ਘਾਟ ਨਾ ਆਵੇ ਅਤੇ ਜਿੱਥੇ ਕਿਤੇ ਸਮੱਸਿਆ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਅੰਨਦਾਤਾ ਮੰਡੀਆਂ ਵਿੱਚ ਨਾ ਰੁਲੇ। ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਖਿਆ।
ਵਿਧਾਇਕ ਨੇ ਦੱਸਿਆ ਕਿ ਭਾਗੋਮਾਜਰਾ ਮੰਡੀ ਵਿੱਚ ਹੁਣ ਤੱਕ 9891 ਕੁਇੰਟਲ ਝੋਨਾ ਪੁੱਜਿਆ ਹੈ, ਜਿਸ ਦੀ ਖ਼ਰੀਦ ਤੇ ਚੁਕਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵੇਚਣ ਲਈ ਹਮੇਸ਼ਾ ਰੁਲਣਾ ਪੈਂਦਾ ਸੀ, ਜਦੋਂ ਕਿ ਕਾਂਗਰਸ ਦੇ ਰਾਜ ਵਿੱਚ ਕਿਸਾਨ ਹਮੇਸ਼ਾ ਜ਼ਿਆਦਾ ਸੁਖੀ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਵੇਚਣ ਤੇ ਅਦਾਇਗੀ ਵਿੱਚ ਕਦੇ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਕੱਤਰ ਦਲਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ, ਆਕਸ਼ਨ ਰਿਕਾਰਡਰ ਲਖਵਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ ਭਾਗੋਮਾਜਰਾ, ਸਰਪੰਚ ਭਾਗੋਮਾਜਰਾ ਅਵਤਾਰ ਸਿੰਘ ਤਾਰੀ, ਬੈਰੋਂਪੁਰ ਦੇ ਸਰਪੰਚ ਸੁਦੇਸ਼ ਕੁਮਾਰ ਗੋਗਾ, ਅਜਾਇਬ ਸਿੰਘ ਪੂਨੀਆ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਬੜੀ, ਗੋਲਾ ਪੰਚ, ਆੜ੍ਹਤੀ ਰਾਜੀਵ ਕੁਮਾਰ, ਐਸ.ਪੀ. ਟਰੇਡਿੰਗ ਕੰਪਨੀ ਦੇ ਮਾਲਕ ਸੁਖਪਾਲ ਸਿੰਘ ਅਤੇ ਆੜ੍ਹਤੀ ਪਰਮਜੀਤ ਸਿੰਘ ਪਾਸੀ ਹਾਜ਼ਰ ਸਨ।