ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਦੀ ਸੰਸਥਾਪਕ ਮੈਂਬਰ ਰਹੀ ਗਵਾਲੀਅਰ ਦੀ ਰਾਜਮਾਤਾ ਵਿਜੇ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ 100 ਰੁਪੇ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਤੇ ਕਿਹਾ ਕਿ ਸੁਰੱਖਿਅਤ ਤੇ ਖੁਸ਼ਹਾਲ ਭਾਰਤ ਦੇ ਉਨ੍ਹਾਂ ਦੇ ਸੁਫ਼ਨੇ ਨੂੰ ਕੇਂਦਰ ਸਰਕਾਰ ਆਤਮ-ਨਿਰਭਰ ਭਾਰਤ ਦੀ ਕਾਮਯਾਬੀ ਨਾਲ ਪੂਰਾ ਕਰੇਗੀ।ਵੀਡੀਓ ਕਾਨਫਰੰਸ ਰਾਹੀਂ ਕਰਵਾਏ ਗਏ ਇਸ ਸਮਾਗਮ ’ਚ ਸਿੰਧੀਆ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਕਈ ਸੂਬਿਆਂ ਦੇ ਮੁੱਖ ਮੰਤਰੀਆਂ, ਰਾਜਪਾਲਾਂ ਤੇ ਦੇਸ਼ ਦੇ ਹੋਰਨਾ ਹਿੱਸਿਆਂ ’ਚੋਂ ਕਈ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕਸ਼ਮੀਰ ਨੂੰ ਲੈ ਕੇ ਜਾਂ ਫਿਰ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਲਈ ਉਨ੍ਹਾਂ ਦਾ ਸੰਘਰਸ਼ ਹੋਵੇ, ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਵਰ੍ਹੇ ’ਚ ਹੀ ਉਨ੍ਹਾਂ ਦੇ ਇਹ ਸੁਫ਼ਨੇ ਪੂਰੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਉਨ੍ਹਾਂ ਆਮ ਲੋਕਾਂ ਤੇ ਪਿੰਡਾਂ ਦੇ ਗਰੀਬਾਂ ਨਾਲ ਜੁੜ ਕੇ ਜ਼ਿੰਦਗੀ ਜਿਊਂਈ ਤੇ ਉਨ੍ਹਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਕਿਹਾ, ‘ਰਾਜਮਾਤਾ ਨੇ ਸਾਬਤ ਕੀਤਾ ਕਿ ਲੋਕ ਨੁਮਾਇੰਦੇ ਲਈ ਰਾਜ ਸੱਤਾ ਨਹੀਂ, ਬਲਕਿ ਲੋਕ ਸੇਵਾ ਮਹੱਤਵਪੂਰਨ ਹੈ। ਉਹ ਇੱਕ ਰਾਜ ਪਰਿਵਾਰ ਦੀ ਮਹਾਰਾਣੀ ਸੀ ਪਰ ਦੇਸ਼ ਦੇ ਭਵਿੱਖ ਲਈ ਰਾਜਮਾਤਾ ਨੇ ਆਪਣਾ ਭਵਿੱਖ ਸਮਰਪਿਤ ਕਰ ਦਿੱਤਾ। ਦੇਸ਼ ਦੀ ਭਵਿੱਖੀ ਪੀੜ੍ਹੀ ਲਈ ਆਪਣਾ ਹਰ ਸੁੱਖ ਤਿਆਗ ਦਿੱਤਾ।’