ਐਸ ਏ ਐਸ ਨਗਰ, 15 ਜੂਨ, – ਬੀਤੇ ਕੱਲ ਆਈ ਟੀ ਸਿਟੀ ਸੈਕਟਰ 83 ਵਿੱਚ ਇੱਕ ਕੰਪਨੀ ਵਲੋਂ ਆਪਣੇ ਦੋ ਵੱਡੇ ਪਲਾਟਾਂ ਵਿੱਚ ਕਰਵਾਈ ਜਾ ਰਹੀ ਦੋਹਰੀ ਬੇਸਮੈਂਟ ਦੀ ਖੁਦਾਈ ਦੌਰਾਨ ਨਾਲ ਲੱਗਦੇ ਪਲਾਟ ਵਿੱਚ ਕੰਮ ਕਰਦੀ ਕੰਪਨੀ ਦਾ ਪਾਰਕਿਗ ਏਰੀਆ ਢਹਿ ਜਾਣ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਡਿਪਟੀ ਮੇਅਰ ਸzy ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਣੀ ਬਣਦੀ ਹੈ ਅਤੇ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੰਪਨੀ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੀ ਲੋੜੀਂਦੀ ਇਜਾਜਤ ਹਾਸਿਲ ਕੀਤੀ ਗਈ ਸੀ ਜਾਂ ਇਹ ਸਾਰਾ ਕੁੱਝ ਬਿਨਾ ਇਜਾਜਤ ਦੇ ਹੀ ਚਲ ਰਿਹਾ ਸੀ।
ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਗਮਾਡਾ ਵਲੋਂ ਦੋਹਰੀ ਬੇਸਮੈਂਟ ਦੀ ਖੁਦਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਕੰਪਨੀ ਵਲੋਂ ਨਿਯਮਾਂ ਅਨੁਸਾਰ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਸ ਹਾਦਸੇ ਦੀ ਜਿੰਮੇਵਾਰੀ ਕੌਣ ਲਵੇਗਾ ਅਤੇ ਜੇਕਰ ਕੰਪਨੀ ਵਲੋਂ ਨਿਯਮਾਂ ਦੀ ਉਲੰਘਣਾ ਕਰਕੇ ਬਿਨਾ ਇਜਾਜਤ ਤੋਂ ਇਹ ਕੰਮ ਕੀਤਾ ਜਾ ਰਿਹਾ ਸੀ ਤਾਂ ਸੰਬੰਧਿਤ ਅਧਿਕਾਰੀਆਂ ਵਲੋਂ ਇਸ ਕੰਮ ਨੂੰ ਰੁਕਵਾਇਆ ਕਿਉਂ ਨਹੀਂ ਗਿਆ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਗਮਾਡਾ ਦੇ ਚੇਅਰਮੈਨ ਹਨ ਅਤੇ ਆਈ ਟੀ ਸਿਟੀ ਵਿੱਚ ਉਸਾਰੀ ਦੀਆਂ ਪ੍ਰਵਾਨਗੀਆਂ ਵੀ ਗਮਾਡਾ ਵਲੋਂ ਹੀ ਦਿੱਤੀਆਂ ਜਾਂਦੀਆਂ ਹਨ ਇਸ ਲਈ ਮੁੱਖ ਮੰਤਰੀ ਨੂੰ ਖੁਦ ਇਸ ਮਾਮਲੇ ਵਿੱਚ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹਾ ਕੋਈ ਹਾਦਸਾ ਮੁੜ ਨਾ ਵਾਪਰੇ।