ਬਲੌਂਗੀ 14 ਜੂਨ, (ਪਵਨ ਰਾਵਤ) ਬੀਤੇ ਦਿਨੀਂ ਗਮਾਡਾ ਦੀ ਇੰਫੋਰਸਮੈਂਟ ਟੀਮ ਵਲੋਂ ਬਲੌਂਗੀ ਵਿੱਚ ਇੱਕ ਉਸਾਰੀ ਨੂੰ ਤੋੜੇ ਜਾਣ ਦੀ ਕਾਰਵਾਈ ਤੋਂ ਬਾਅਦ ਗਮਾਡਾ ਵਲੋਂ ਮੁੜ ਕਾਰਵਾਈ ਕਰਦਿਆਂ ਇਸ ਉਸਾਰੀ ਦੇ ਨੇੜੇ ਬਣੀਆਂ ਹੋਰਨਾਂ ਉਸਾਰੀਆਂ ਨੂੰ ਵੀ ਢਾਹ ਦਿੱਤਾ ਗਿਆ। ਇਸ ਮੌਕੇ ਪੁਲੀਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੀ ਗਮਾਡਾ ਦੀ ਟੀਮ ਵਲੋਂ ਕਾਰਵਾਈ ਕੀਤੇ ਜਾਣ ਮੌਕੇ ਪਹੁੰਚੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਵਲੋਂ ਗਮਾਡਾ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਗਮਾਡਾ ਦੀ ਟੀਮ ਵਲੋਂ ਚਾਰ ਦੇ ਕਰੀਬ ਉਸਾਰੀਆਂ ਢਾਹ ਦਿੱਤੀਆਂ ਗਈਆਂ। ਇਸ ਦੌਰਾਨ ਇੱਕ ਵਾਰ ਹਾਲਾਤ ਤਨਾਉਪੂਰਨ ਵੀ ਹੋ ਗਏ ਜਿਸਤੋਂ ਬਾਅਦ ਗਮਾਡਾ ਦੇ ਅਧਿਕਾਰੀ ਮੌਕੇ ਤੋਂ ਚਲੇ ਗਏ।
ਇਸ ਮੌਕੇ ਬਲਜਿੰਦਰ ਸਿੰਘ ਨਾਮ ਦੇ ਵਿਅਕਤੀ (ਜਿਸਦੀ ਉਸਾਰੀ ਵੀ ਢਾਹ ਦਿੱਤੀ ਗਈ) ਨੇ ਇਲਜਾਮ ਲਗਾਇਆ ਕਿ ਉਸਾਰੀ ਕਰਨ ਤੋਂ ਪਹਿਲਾ ਉਸਨੇ ਗਮਾਡਾ ਦੇ ਅਧਿਕਾਰਿਆਂ ਨੂੰ ਪੁਛਿਆ ਸੀ ਅਤੇ ਉਸਨੂੰ ਰੈਗੂਲੇਟਰੀ ਬ੍ਰਾਂਚ ਦੇ ਜੇ ਈ ਦੇ ਕਮਰੇ ਵਿਚ ਬੈਠੇ ਇਕ ਵਿਅਕਤੀ ਨੂੰ ਮਿਲਣ ਵਾਸਤੇ ਕਿਹਾ ਗਿਆ ਜਿਸਨੇ ਉਹਨਾਂ ਤੋਂ 50000 ਰੁਪਏ ਦੀ ਮੰਗ ਕੀਤੀ ਸੀ ਪਰੰਤੂ ਉਹਨਾਂ ਕਿਹਾ ਸੀ ਕਿ ਇੰਨੀ ਰਕਮ ਉਹ ਨਹੀਂ ਦੇ ਸਕਦੇ ਜਿਸਤੇ 20 ਹਜਾਰ ਤੇ ਗੱਲ ਮੁੱਕੀ ਅਤੇ ਉਹਨਾਂ ਨੇ ਰਕਮ ਦੇ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ 2 ਮੰਜਿਲ ਤੱਕ ਹੀ ਉਸਾਰੀ ਕਰਨ ਵਰਨਾ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ। ਉਹਨਾਂ ਕਿਹਾ ਅੱਜ ਗਮਾਡਾ ਦੀ ਟੀਮ ਵਿਚ ਉਹ ਵਿਅਕਤੀ ਵੀ ਮੌਜੂਦ ਸੀ ਜਿਸਨੇ ਉਹਨਾਂ ਤੋਂ ਪੈਸੇ ਲਏ ਸੀ ਅਤੇ ਉਹਨਾਂ ਨੇ ਉਸਨੂੰ ਫੜਿਆ ਵੀ ਸੀ ਪਰ ਉਹ ਹੱਥ ਛੁੜਾ ਕੇ ਭੱਜ ਗਿਆ।
ਇਸ ਮੌਕੇ ਇੱਕ ਹੋਰ ਵਿਅਕਤੀ ਹਰਿੰਦਰ ਸਿੰਘ ਰਾਜੂ ਨੇ ਕਿਹਾ ਕਿ ਉਹਨਾਂ ਦਾ ਮਕਾਨ 1982 ਦਾ ਬਣਿਆ ਹੋਇਆ ਸੀ ਜਿਸਨੂੰ ਉਹ ਢਾਹ ਕੇ ਦੁਬਾਰਾ ਬਣਾ ਰਹੇ ਸੀ ਪਰੰਤੂ ਗਮਾਡਾ ਵਲੋਂ ਇਸਨੂੰ ਤੋੜ ਦਿਤਾ ਗਿਆ। ਉਹਨਾਂ ਕਿਹਾ ਕਿ ਬਲੌਂਗੀ ਵਿੱਚ ਰਹਿਣ ਵਾਲਾ ਇੱਕ ਵਿਅਕਤੀ (ਜੋ ਗਮਾਡਾ ਦੇ ਅਧਿਕਾਰੀਆਂ ਨਾਲ ਮਿਲਿਆ ਹੋਇਆ ਹੈ) ਸ਼ਿਕਾਇਤ ਕਰ ਦਿੰਦਾ ਹੈ ਅਤੇ ਗਮਾਡਾ ਵਾਲੇ ਉਸਾਰੀਆਂ ਢਾਹ ਦਿੰਦੇ ਹਨ। ਉਸਾਰੀਆਂ ਢਾਹੁਣ ਮੌਕੇ ਗਮਾਡਾ ਵਲੋਂ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ। ਉਹਨਾਂ ਮੌਕੇ ਤੇ ਪਹੁੰਚੇ ਗਮਾਡਾ ਦੇ ਰੈਗੂਲੇਟਰੀ ਬ੍ਰਾਂਚ ਦੇ ਜਿਲਾ ਟਾਊਨ ਪਲਾਨਰ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਗਮਾਡਾ ਵਲੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਨੂੰਨ ਮੁਤਾਬਿਕ 30 ਦਿਨ ਦਾ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਇਲਜਾਮ ਲਗਾਇਆ ਕਿ ਗਮਾਡਾ ਦੇ ਕਰਮਚਾਰੀ ਲੋਕਾਂ ਤੋਂ ਪੈਸੇ ਲੈ ਕੇ ਜਾਂਦੇ ਹਨ, ਤਾਂ ਹੀ ਇੰਨੀਆਂ ਉਸਾਰੀਆ ਹੋ ਚੁਕੀਆਂ ਹਨ। 5 -6 ਮੰਜਿਲ ਪੀ ਜੀ ਬਣ ਚੁਕੇ ਹਨ, ਇਹ ਇੱਕ ਰਾਤ ਵਿੱਚ ਤਾਂ ਨਹੀਂ ਬਣੇ। ਉਹਨਾਂ ਮੰਗ ਕੀਤੀ ਕਿ ਇਹਨਾਂ ਅਧਿਕਾਰੀਆਂ ਦੀ ਜਾਚ ਕੀਤੀ ਜਾਵੇ ਕਿ ਇਹਨਾਂ ਕੋਲ ਕਿੰਨੀ ਜਾਇਦਾਦ ਹੈ ਅਤੇ ਇਹਨਾਂ ਨੇ ਇਹ ਜਾਇਦਾਦ ਕਿਵੇਂ ਬਣਾਈ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਗਮਾਡਾ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਤਰੀਕੇ ਨਾਲ ਉਸਾਰੀਆਂ ਢਾਹੇ ਜਾਣ ਦੀ ਕਾਰਵਾਈ ਸਿਰੇ ਤੋਂ ਗਲਤ ਹੈ, ਉਹਨਾਂ ਕਿਹਾ ਕਿ ਗਮਾਡਾ ਦੇ ਅਧਿਕਾਰੀ ਸਿਰਫ ਚੁਣ ਚੁਣ ਕੇ ਉਸਾਰੀਆਂ ਨੂੰ ਢਾਹ ਰਹੇ ਹਨ। ਲੋਕ ਸਸਤੇ ਕਰਕੇ ਇਥੇ ਪਲਾਟ ਖਰੀਦ ਕੇ ਮਕਾਨ ਬਣਾਉਂਦੇ ਹਨ ਅਤੇ ਗਮਾਡਾ ਵਾਲੇ ਉਸਾਰੀਆਂ ਨੂੰ ਤੋੜ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਉਹ ਮੌਕੇ ਤੇ ਵਿਰੋਧ ਕਰ ਰਹੇ ਸਨ ਤਾਂ ਗਮਾਡਾ ਅਧਿਕਾਰੀ ਵਲੋਂ ਉਹਨਾਂ ਨੂੰ ਧਮਕਾਇਆ ਗਿਆ ਕਿ ਉਹਨਾਂ ਦੇ ਖਿਲਾਫ ਨਾਜਾਇਜ ਉਸਾਰੀ ਕਰਨ ਵਾਲਿਆਂ ਨੂੰ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਦੇਣ ਦਾ ਮਾਮਲਾ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀ ਨੇ ਉਹਨਾਂ ਨੂੰ ਕਈ ਧਾਰਵਾਂ ਗਿਣਾਈਆਂ ਅਤੇ ਕਿਹਾ ਕਿ ਉਸਨੂੰ ਬਾਕਾਇਦਾ ਨਾਮਜਦ ਕਰਕੇ ਮਾਮਲਾ ਦਰਜ ਕਰਵਾਇਆ ਜਾਵੇਗਾ।
ਇਸ ਸੰਬੰਧੀ ਗੱਲ ਕਰਨ ਤੇ ਗਮਾਡਾ ਦੇ ਜਿਲਾ ਟਾਊਨ ਪਲਾਨਰ ਸz. ਹਰਪ੍ਰੀਤ ਸਿੰਘ ਨੇ ਕਿਹਾ ਗਮਾਡਾ ਵਲੋਂ ਜਿਹੜੀ ਵੀ ਕਾਰਵਾਈ ਕੀਤੀ ਜਾਂਦੀ ਹੈ, ਉਹ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਉਸਾਰੀ ਕਰ ਰਹੇ ਇਹਨਾਂ ਲੋਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਚੁਕੇ ਹਨ ਪਰ ਇਹਨਾਂ ਨੇ ਉਸਾਰੀਆਂ ਨੂੰ ਨਹੀਂ ਰੋਕਿਆ। ਗਮਾਡਾ ਦੇ ਕਰਮਚਾਰੀ ਵਲੋਂ ਰਿਸ਼ਵਤ ਲਏ ਜਾਣ ਸੰਬੰਧੀ ਪਿੰਡ ਵਾਸੀਆਂ ਦੇ ਇਲਜਾਮ ਬਾਰੇ ਉਹਨਾਂ ਕਿਹਾ ਕਿ ਜਦੋਂ ਵੀ ਗਮਾਡਾ ਵਲੋਂ ਉਸਾਰੀਆਂ ਢਾਹੁਣ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਜਿਹੇ ਕੁਝ ਲੋਕ ਅਧਿਕਾਰੀਆਂ ਤੇ ਝੂਠੇ ਇਲਜਾਮ ਲਗਾ ਕੇ ਮਾਹੌਲ ਨੂੰ ਤਨਾਵਪੂਰਨ ਬਣਾ ਦਿੰਦੇ ਹਨ ਅਤੇ ਕਾਰਵਾਈ ਵਿਚ ਵਿਘਨ ਪਾਂਦੇ ਹਨ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਬੇਬੁਨਿਆਦ ਇਲਜਾਮ ਲਗਾਉਣ ਨਾਲ ਕੁੱਝ ਨਹੀਂ ਹੁੰਦਾ ਅਤੇ ਜੇਕਰ ਕਿਸੇ ਵਿਅਕਤੀ ਨੇ ਗਮਾਡਾ ਦੇ ਕਿਸੇ ਮੁਲਾਜਮ ਨੂੰ ਪੈਸੇ ਦਿਤੇ ਹਨ ਤਾਂ ਉਹ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਏ ਅਤੇ ਅਜਿਹੀ ਕਿਸੇ ਵੀ ਸ਼ਿਕਾਇਤ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਕਰਮਚਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।