ਐਸ ਏ ਐਸ ਨਗਰ, 13 ਜੂਨ, (ਸ.ਬ.) ਪੰਜਾਬ ਸਰਕਾਰ ਵਲੋਂਪੈਟਰੋਲ ਅਤੇ ਡੀਜਲ ਉੱਪਰ ਲਗਾਏ ਜਾਂਦੇ ਵੈਟ ਦੀ ਦਰ ਵਿੱਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਯੂਨੀਅਨ ਵਲੋਂ ਅੱਜ ਕ੍ਰਿਪਾਲ ਸਿੰਘ ਸਿਆਊ ਅਤੇ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਏ ਡੀ ਸੀ ਸz. ਪਰਮਦੀਪ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਹੈ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸਰਕਾਰ ਨੇ 10 ਜੂਨ ਨੂੰ ਪੈਟਰੋਲ ਉੱਤੇ ਵੈਟ 10.02 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਹੈ ਅਤੇ ਡੀਜ਼ਲ ਉਤੇ ਵੈਟ 14.25 ਫੀਸਦੀ ਤੋਂ ਵਧਾ ਕੇ 15.74 ਫੀਸਦੀ ਕਰ ਦਿੱਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਖਣ ਨੂੰ ਤਾਂ ਇਹ ਵਾਧਾ ਡੇਢ ਤੋਂ ਦੋ ਪ੍ਰਤੀਸ਼ਤ ਹੀ ਹੈ, ਪਰ ਇਹ ਲੋਕਾਂ ਦੀ ਜੇਬ ਉੱਤੇ ਬਹੁਤ ਵੱਡਾ ਡਾਕਾ ਹੈ ਕਿਉਂਕਿ ਪੰਜਾਬ ਵਿੱਚ ਹਰ ਮਹੀਨੇ ਕੇਵਲ ਡੀਜ਼ਲ ਦੀ ਖਪਤ 99121 ਮਿਲੀਅਨ ਟਨ ਤੋਂ ਵੱਧ ਹੈ ਅਤੇ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੀ ਜੇਬ ਵਿੱਚੋਂ ਇਕੱਲੇ ਡੀਜਲ ਵਿੱਚ 100 ਕਰੋੜ ਰੁਪਏ ਪ੍ਰਤੀ ਮਹੀਨਾ ਕੱਢੇਗੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਦੀ ਦਰ ਉਤੇ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇੱਕ ਸਾਲ ਪਹਿਲਾਂ ਸਰਕਾਰ ਬਣਦੇ ਸਾਰ ਸਰਕਾਰ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਉੱਤੇ ਵੈਟ ਦਾ ਵਾਧਾ ਕੀਤਾ ਸੀ। ਇਸ ਵਾਰ ਦੇ ਵਾਧੇ ਨਾਲ ਸਰਕਾਰ ਨੂੰ ਲੋਕਾਂ ਦੀ ਜੇਬ ਵਿੱਚੋਂ 2500 ਕਰੋੜ ਰੁਪਏ ਸਾਲਾਨਾ ਕੱਢਣ ਦਾ ਮੌਕਾ ਮਿਲ ਗਿਆ ਹੈ ਅਤੇ ਇੰਨਾ ਵੱਡਾ ਭਾਰ ਘੱਟੋ ਘੱਟ ਪੰਜਾਬ ਦੇ ਕਿਸਾਨ ਤਾਂ ਸਹਿਣ ਨਹੀਂ ਕਰ ਸਕਦੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਨੇ ਉਸਦੇ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਫੀਸ ਦੇ ਚਾਰ ਹਜਾਰ ਕਰੋੜ ਰੁਪਏ ਰੋਕੇ ਹੋਏ ਹਨ। ਅਸਲੀਅਤ ਇਹ ਹੈ ਕਿ ਖੇਤੀ ਅਤੇ ਖੇਤੀ ਮੰਡੀਕਰਨ ਰਾਜਾਂ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਹਰ ਹੱਕ ਹਾਸਲ ਹੈ ਕਿ ਉਹ ਖੇਤ ਉਪਜ ਉੱਤੇ ਕੋਈ ਵੀ ਟੈਕਸ ਲਾ ਸਕਦੀ ਹੈ ਅਤੇ ਉਸਨੂੰ ਆਪਣੀ ਮਰਜੀ ਅਨੁਸਾਰ ਖਰਚ ਸਕਦੀ ਹੈ। ਕੇਂਦਰ ਨੂੰ ਇਸ ਦੇ ਖਰਚੇ ਕਰਨ ਉੱਤੇ ਹਦਾਇਤਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੀ ਮੁਸ਼ਕਿਲ ਇਹ ਹੈ ਕਿ ਤੁਸੀਂ (ਮੁੱਖ ਮੰਤਰੀ ਨੇ) ਇਸ ਰਕਮ ਦੀ ਵਸੂਲੀ ਲਈ ਕੇਂਦਰ ਨਾਲ ਲੜਨ ਨਾਲੋਂ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਨਾ ਬਿਹਤਰ ਸਮਝਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕ ਅਜਿਹੇ ਕਦਮਾਂ ਤੋਂ ਬੇਹੱਦ ਖਫਾ ਹਨ। ਕਿਸਾਨਾਂ ਦੀ ਖਰੀਦ ਸ਼ਕਤੀ ਪਹਿਲਾਂ ਹੀ ਖਤਮ ਹੋ ਗਈ ਹੈ ਅਤੇ ਆਰਥਿਕ ਪੱਖੋਂ ਪੱਛੜੇ ਪੰਜਾਬ ਦੇ ਕਿਸਾਨ ਦੇਸ਼ ਵਿੱਚ ਸਭ ਤੋਂ ਵੱਧ ਖੁਦਕਸ਼ੀਆਂ ਕਰ ਰਹੇ ਹਨ। ਉਨ੍ਹਾਂ ਦੀ ਹੋਰ ਭਾਰ ਸਹਿਣ ਦੀ ਬਿਲਕੁੱਲ ਸਮਰੱਥਾ ਨਹੀਂ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਿਛਲੀ ਵਾਰ ਕੀਤਾ ਅਤੇ ਹੁਣ ਕੀਤਾ ਪੈਟਰੋਲ ਤੇ ਡੀਜਲ ਵੈਟ ਦਾ ਵਾਧਾ ਤੁਰੰਤ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਖਾਸਕਰ ਕਿਸਾਨਾਂ ਦਾ ਗੁੱਸਾ ਸ਼ਾਂਤ ਕੀਤਾ ਜਾਵੇ।
ਇਸ ਮੌਕੇ ਹਰਜੀਤ ਸਿੰਘ, ਲਖਵਿੰਦਰ ਸਿੰਘ ਕਰਾਲਾ, ਰਵਿੰਦਰ ਸਿੰਘ ਬਜੀਦਪੁਰ, ਸੁਖਵੀਰ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਪ੍ਰਦੀਪ ਸਿੰਘ, ਯਾਦਵਿੰਦਰ ਸ਼ਰਮਾ, ਅਵਤਾਰ ਸਿੰਘ, ਹਰਵਿੰਦਰ ਸਿੰਘ, ਟਹਿਲ ਸਿੰਘ, ਗੁਰਮੀਤ ਸਿੰਘ ਸਾਟੂ, ਹਰਵਿੰਦਰ ਸਿੰੰਘ, ਮਲਕੀਤ ਸਿੰਘ, ਜਸਮਿੰਦਰ ਸਿੰਘ, ਅਵਤਾਰ ਸਿੰਘ, ਜਗਮਿੰਦਰ ਸਿੰਘ, ਕਰਮ ਸਿੰਘ ਅਤੇ ਹੋਰ ਕਿਸਾਨ ਹਾਜਿਰ ਸਨ।