ਬਲੌਂਗੀ, 12 ਜੂਨ – ਬਲੌਂਗੀ ਦੀ ਏਕਤਾ ਕਾਲੋਨੀ ਵਿਚ ਹੋ ਰਹੀ ਇਕ ਨਿਜੀ ਉਸਾਰੀ ਦੇ ਖਿਲਾਫ ਕਾਰਵਾਈ ਕਰਦਿਆਂ ਗਮਾਡਾ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਵਲੋਂ ਢਾਹ ਦਿੱਤਾ ਗਿਆ। ਇਸ ਮੌਕੇ ਉਥੇ ਮੌਜੂਦ ਇਲਾਕਾ ਵਾਸੀਆਂ ਅਤੇ ਪਿੰਡ ਦੇ ਸਰਪੰਚ ਸਰਦਾਰ ਬਹਾਦਰ ਸਿੰਘ ਵਲੋਂ ਗਮਾਡਾ ਦੀ ਇਸ ਕਾਰਵਾਈ ਦਾ ਦੱਬ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਉਹਨਾਂ ਦੀ ਗਮਾਡਾ ਦੇ ਅਧਿਕਾਰੀਆਂ ਨਾਲ ਬਹਿਸ ਬਾਜ਼ੀ ਵੀ ਹੋਈ।
ਇਸ ਮੌਕੇ ਉਸਾਰੀ ਢਾਹੁਣ ਪਹੁੰਚੇ ਗਮਾਡਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਉੱਚ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਜਦੋਂ ਮੌਜੂਦ ਲੋਕਾਂ ਨੇ ਗਮਾਡਾ ਦੇ ਕਰਮਚਾਰੀਆਂ ਤੋਂ ਉਸਾਰੀੇ ਨੂੰ ਤੋੜਨ ਸੰਬੰਧੀ ਹੁਕਮਾਂ ਦੀ ਕਾਪੀ ਮੰਗੀ ਗਈ ਉਹਨਾਂ ਵਲੋਂ ਆਰਡਰ ਨਹੀਂ ਦਿਖਾਏ ਅਤੇ ਕਿਹਾ ਕਿ ਉਹਨਾਂ ਨੂੰ ਅਧਿਕਾਰੀਆਂ ਵਲੋਂ ਜਬਾਨੀ ਹੁਕਮ ਦਿੱਤੇ ਗਏ ਹਨ।
ਇਸ ਸਮੇਂ ਉਸਾਰੀ ਕਰ ਰਹੇ ਪ੍ਰਭਜੋਤ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਗਮਾਡਾ ਵਲੋਂ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨਾਲ ਧੱਕੇ ਸਾਹੀ ਕੀਤੀ ਜਾ ਰਹੀ ਹੈ। ਉਹਨਾਂ ਇਲਜਾਮ ਲਗਾਇਆ ਕਿ ਉਹਨਾਂ ਦੀ ਇਮਾਰਤ ਦੇ ਆਲੇ ਦੁਆਲੇ ਕਈ ਹੋਰ ਉਸਾਰੀਆਂ ਹੋ ਰਹੀਆਂ ਹਨ ਪਰੰਤੂ ਉਹਨਾਂ ਦੇ ਖਿਲਾਫ ਗਮਾਡਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਿਰਫ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਜਮੀਨ ਦੀ ਰਜਿਸਟਰੀ 1988 ਵਿੱਚ ਹੋਈ ਸੀ ਅਤੇ ਉਹਨਾਂ ਵਲੋਂ ਆਪਣਾ ਪਹਿਲਾ ਮਕਾਨ ਢਾਹ ਕੇ ਦੁਬਾਰਾ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਰੰਜਿਸ਼ ਵੀ ਨਹੀਂ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਗਮਾਡਾ ਵਲੋਂ ਪੂਰੇ ਬਲੌਂਗੀ ਵਿੱਚ ਹੋ ਰਹੀਆਂ ਉਸਾਰੀਆਂ ਨੂੰ ਛੱਡ ਕੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮਕਾਨ ਦੇ ਨਾਲ ਕਈ ਹੋਰ ਨਵੀਆਂ ਉਸਾਰੀਆਂ ਹੋ ਰਹੀਆਂ ਹਨ, ਪਰੰਤੂ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ।
ਉਹਨਾਂ ਕਿਹਾ ਕਿ ਗਮਾਡਾ ਵਲੋਂ ਉਹਨਾਂ ਨੂੰ ਕਦੇ ਵੀ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਇਸਤੋਂ ਪਹਿਲਾਂ ਵੀ ਗਮਾਡਾ ਵਲੋਂ ਕਈ ਵਾਰ ਉਹਨਾਂ ਦੀ ਉਸਾਰੀ ਨੂੰ ਬਿਨਾ ਨੋਟਿਸ ਦਿੱਤਿਆਂ ਢਾਹ ਦਿਤਾ ਗਿਆ। ਉਹਨਾਂ ਕਿਹਾ ਕਿ ਗਮਾਡਾ ਵਲੋਂ ਵਾਰ ਵਾਰ ਕੀਤੀ ਜਾਂਦੀ ਕਾਰਵਾਈ ਦੇ ਖਿਲਾਫ ਉਹਨਾਂ ਵਲੋਂ ਮਾਣਯੋਗ ਹਾਈਕੋਰਟ ਵਿੱਚ ਅਪੀਲ ਪਾਈ ਗਈ ਹੈ ਅਤੇ ਜਦੋਂ ਗਮਾਡਾ ਵਾਲੇ ਉਹਨਾਂ ਦੀ ਉਸਾਰੀ ਢਾਹ ਰਹੇ ਸੀ ਉਸ ਵੇਲੇ ਉਹਨਾਂ ਨੇ ਗਮਾਡਾ ਦੀ ਰੈਗੂਲੇਟਰੀ ਬ੍ਰਾਂਚ ਦੇ ਅਧਿਕਾਰੀਆਂ ਨੂੰ ਅਦਾਲਤੀ ਹੁਕਮਾਂ ਦੀ ਕਾਪੀ ਵੀ ਦਿਖਾਈ ਸੀ ਪਰ ਅਧਿਕਾਰੀਆਂ ਨੇ ਇਕ ਨਹੀਂ ਸੁਣੀ।
ਉਹਨਾਂ ਕਿਹਾ ਕਿ ਉਹ ਇਸ ਵਿਤਕਰੇ ਵਾਲੀ ਕਾਰਵਾਈ ਬਾਰੇ ਮੁਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਕਰਣਗੇ ਅਤੇ ਨਾਲ ਹੀ ਕਾਰਵਾਈ ਕਰਨ ਵਾਲੇ ਗਮਾਡਾ ਦੇ ਅਧਿਕਾਰੀਆਂ ਨੂੰ ਅਦਾਲਤੀ ਮਾਮਲੇ ਵਿੱਚ ਪਾਰਟੀ ਬਣਾਇਆ ਜਾਵੇਗਾ।
ਇਸ ਮੌਕੇ ਬਲੌਂਗੀ ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਉਹਨਾਂ ਨੂੰਵਸਨੀਕਾਂ ਵਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਗਮਾਡਾ ਵਲੋਂ ਏਕਤਾ ਕਲੋਨੀ ਵਿੱਚ ਉਸਾਰੀ ਢਾਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਅਧਿਕਾਰੀਆਂ ਤੋਂ ਪੁੱਛਿਆਂ ਕਿ ਉਹ ਆਪਣੀ ਆਈ ਡੀ ਅਤੇ ਉਸਾਰੀ ਨੂੰ ਤੋੜਣ ਦੇ ਹੁਕਮ ਵਿਖਾਉਣ ਤਾਂ ਅਧਿਕਾਰੀ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਕਾਰਵਾਈ ਪੂਰੀ ਤਰ੍ਹਾਂ ਗਲਤ ਹੈ ਅਤੇ ਪਿੰਡ ਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਇਸ ਤਰੀਕੇ ਨਾਲ ਧੱਕੇਸ਼ਾਹੀ ਕਰਕੇ ਕਿਸੇ ਵੀ ਉਸਾਰੀ ਨੂੰ ਨਾ ਤੋੜਿਆ ਜਾਵੇ। ਉਹਨਾਂ ਕਿਹਾ ਕਿ ਗਮਾਡਾ ਨੂੰ ਚਾਹੀਦਾ ਹੈ ਕਿ ਉਹ ਪਿੰਡ ਦੀ ਪੰਚਾਇਤ ਅਤੇ ਹੋਰਨਾਂ ਮਹਿਕਮਿਆਂ ਨਾਲ ਮੀਟਿੰਗ ਕਰੇ ਅਤੇ ਨਵੀਆਂ ਉਸਾਰੀਆਂ ਨੂੰ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਦੇਣ ਤੇ ਰੋਕ ਲਗਵਾਏ ਪਰੰਤੂ ਇਸ ਤਰੀਕੇ ਨਾਲ ਉਸਾਰੀਆ ਨੂੰ ਢਾਹ ਕੇ ਹਾਹਾ ਕਾਰ ਨਾ ਮਚਾਈ ਜਾਵੇ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ।
ਇਸ ਸੰਬਧੀ ਗਮਾਡਾ ਦੇ ਜਿਲਾ ਟਾਊਨ ਪਲਾਨਰ ਹਰਪ੍ਰੀਤ ਸਿੰਘ ਦੇ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਗਮਾਡਾ ਵਲੋਂ ਅਣ ਅਧਿਕਾਰਿਤ ਉਸਾਰੀਆਂ ਤੇ ਜਿਹੜੀ ਵੀ ਕਾਰਵਾਈ ਕੀਤੀ ਜਾਂਦੀ ਹੈ ਉਹ ਕਿਸੇ ਖਾਸ ਉਸਾਰੀ ਨੂੰ ਟਾਰਗੇਟ ਕਰਕੇ ਨਹੀਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਗਮਾਡਾ ਵਲੋਂ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।