ਨਵਾਂਸ਼ਹਿਰ, 11 ਜਨਵਰੀ 2022 : ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਿਵਲ ਹਸਪਤਾਲ, ਨਵਾਂਸ਼ਹਿਰ ਨੂੰ ਬਿਹਤਰ, ਮਿਆਰੀ ਤੇ ਸੁਰੱਖਿਅਤ ਸਿਹਤ ਸੇਵਾਵਾਂ ਦੇਣ ਲਈ ‘ਕੁਆਲਿਟੀ ਪ੍ਰਮਾਣ ਪੱਤਰ’ ਦੇ ਕੇ ਨਵਾਜਿਆ ਹੈ। ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਅੱਜ ਭਾਰਤ ਸਰਕਾਰ ਵੱਲੋਂ ਪ੍ਰਾਪਤ ਹੋਏ ‘ਕੁਆਲਿਟੀ ਪ੍ਰਮਾਣ ਪੱਤਰ” ਨੂੰ ਸਿਵਲ ਸਰਜਨ ਡਾ ਦਵਿੰਦਰ ਢਾਂਡਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ ਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੂੰ ਸੌਂਪਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਕੁਲਵਿੰਦਰ ਮਾਨ, ਡਾ ਗੁਰਿੰਦਰਜੀਤ ਸਿੰਘ ਤੇ ਡਾ ਹਰਬੰਸ ਸਿੰਘ ਮੌਜੂਦ ਸਨ।
ਭਾਰਤ ਸਰਕਾਰ ਦੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਹੋਏ ਨਿਰੀਖਣ ਵਿਚ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਉੱਚ ਪੱਧਰ ਦੇ ਮਾਪਦੰਡਾਂ ਉੱਤੇ ਖਰ੍ਹਾ ਉਤਰਿਆ ਹੈ, ਜਦੋਂਕਿ ਜ਼ਿਲ੍ਹਾ ਹਸਪਤਾਲ ਦੇ ਲੇਬਰ ਰੂਮ ਨੂੰ ਲਕਸ਼ਿਆ ਪ੍ਰਮਾਣ ਪੱਤਰ ਅਤੇ ਮੈਟਰਨਿਟੀ ਆਪਰੇਸ਼ਨ ਥੀਏਟਰ ਨੂੰ ਕੰਡੀਸ਼ਨਲ ਲਕਸ਼ਿਆ ਪ੍ਰਮਾਣ ਪੱਤਰ ਮਿਿਲਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਸਾਰੇ ਮਾਪਦੰਡਾਂ ਉੱਤੇ ਖਰ੍ਹਾ ਉਤਰਿਆ ਹੈ, ਜਿਸ ਲਈ ਉਸ ਨੂੰ 86 ਫੀਸਦੀ ਅੰਕ ਪ੍ਰਾਪਤ ਹੋਏ ਹਨ, ਜਦੋਂਕਿ ਲੇਬਰ ਰੂਮ ਦੀ ਗੁਣਵੱਤਾ ਲਈ 93 ਫੀਸਦੀ ਅੰਕ ਅਤੇ ਮੈਟਰਨਿਟੀ ਆਪਰੇਸ਼ਨ ਥੀਏਟਰ ਦੀ ਗੁਣਵੱਤਾ ਲਈ 85 ਫੀਸਦੀ ਅੰਕ ਮਿਲੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਦਾ ਸਰਟੀਫਿਕੇਟ ਪ੍ਰਾਪਤ ਹੋਣ ਨਾਲ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਇਕ ਵੱਖਰੀ ਪਛਾਣ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸਿਹਤ ਵਿਭਾਗ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੇਬਰ ਰੂਮ ਤੇ ਆਪਰੇਸ਼ਨ ਥੀਏਟਰ ਦੇ ਗੁਣਵੱਤਾਪੂਰਵਕ ਸੁਧਾਰਾਂ ਨਾਲ ਮਾਤਰੀ ਤੇ ਬਾਲ ਮੌਤ ਦਰ ਵਿਚ ਕਮੀ ਆਵੇਗੀ ਅਤੇ ਮਰੀਜ਼ਾਂ ਦਾ ਸਹੀ ਇਲਾਜ ਸਹੀ ਸਮੇਂ ਉੱਤੇ ਕੀਤਾ ਜਾ ਸਕੇਗਾ।
ਇਸ ਤੋਂ ਪਹਿਲਾਂ ਅਫਸਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਸਾਲ 2017-18 ਵਿਚ ਕਾਇਆਕਲਪ ਪ੍ਰੋਗਰਾਮ ਅਧੀਨ 50 ਲੱਖ ਰੁਪਏ ਦਾ ਪਹਿਲਾ ਇਨਾਮ ਤੇ ਸਾਲ 2017-18 ਵਿਚ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰੋਗਰਾਮ ਤਹਿਤ 30 ਲੱਖ ਰੁਪਏ ਦਾ ਇਨਾਮ ਤੇ ਸਾਲ 2019-20 ਵਿਚ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰੋਗਰਾਮ ਤਹਿਤ 15 ਲੱਖ ਰੁਪਏ ਦਾ ਇਨਾਮ ਜਿੱਤ ਚੁੱਕਿਆ ਹੈ।
ਭਾਰਤ ਸਰਕਾਰ ਨੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤਾ ਹੈ। ਨੈਸ਼ਨਲ ਕੁਆਲਿਟੀ ਇਸ਼ੋਰੈਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿਹਤ ਸੰਸਥਾਵਾਂ ਦੀ 3 ਸਾਲਾਂ ਬਾਅਦ ਮੁੜ ਤੋਂ ਅਸੈਸਮੈਂਟ ਹੋਣੀ ਹੁੰਦੀ ਹੈ। ਭਾਰਤ ਸਰਕਾਰ ਦੇ ਕੇਂਦਰੀ ਸਿਹਤ ਮੰਤਰਾਲੇ, ਨਵੀਂ ਦਿੱਲੀ ਦੀ ਟੀਮ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ 16 ਵਿਭਾਗਾਂ ਵਿਚ ਸੁਰੱਖਿਅਤ ਤੇ ਮਿਆਰੀ ਦੇਖਭਾਲ ਲਈ ਨਿਰਧਾਰਿਤ ਵੱਖ-ਵੱਖ ਪੈਮਾਨਿਆਂ ਦੀ ਡੂੰਘਾਈ ਨਾਲ ਅਸੈਸਮੈਂਟ ਕੀਤੀ ਸੀ।
ਇਸ ਸਬੰਧੀ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜਾਂਚਕਰਤਾਵਾਂ ਨੇ ਲਗਾਤਾਰ ਤਿੰਨ ਦਿਨ ਤੱਕ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਜਿਨ੍ਹਾਂ 16 ਵਿਭਾਗਾਂ ਦੀ ਅਸੈਸਮੈਂਟ ਕੀਤੀ ਸੀ, ਉਨ੍ਹਾਂ ਵਿਚ ਲੇਬਰ ਰੂਮ, ਮੈਟਰਨਟੀ ਆਪਰੇਸ਼ਨ ਥੀਏਟਰ, ਮੈਟਰਨਟੀ ਵਾਰਡ, ਪੋਸਟਪਾਰਟਮ ਯੂਨਿਟ, ਫਾਰਮੇਸੀ ਵਿੰਗ, ਲੈਬੋਰਟਰੀ, ਰੇਡੀਓਲਾਜੀ, ਐਮਰਜੈਂਸੀ ਵਾਰਡ, ਓ.ਪੀ.ਡੀ., ਆਈ.ਪੀ.ਡੀ, ਐੱਸ.ਐੱਨ.ਸੀ. ਯੂਨਿਟ, ਟਰਾਮਾ ਵਾਰਡ, ਪੇਡੀਐਟਰਿਕ ਵਾਰਡ, ਮਰਦਾਨਾ ਤੇ ਜਨਾਨਾ ਵਾਰਡ, ਪ੍ਰਬੰਧਕੀ ਬਲਾਕ ਅਤੇ ਮੋਰਚਰੀ ਆਦਿ ਸ਼ਾਮਲ ਸਨ।
ਇਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਜ਼ਿਲ੍ਹਾ ਹਸਪਤਾਲ ਨੂੰ ‘ਕੁਆਲਿਟੀ ਪ੍ਰਮਾਣ ਪੱਤਰ’ ਮਿਲਣ ’ਤੇ ਸਮੂਹ ਮੈਡੀਕਲ ਅਫਸਰਾਂ, ਪੈਰਾ ਮੈਡੀਕਲ ਸਟਾਫ ਤੇ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਨੇ ਐੱਨ.ਕਿਊ.ਏ.ਐੱਸ. ਕੁਆਲਿਟੀ ਪ੍ਰਮਾਣ ਪੱਤਰ ਲਈ ਚੁਣੇ ਜਾਣ ਦਾ ਸਿਹਰਾ ਹਸਪਤਾਲ ਦੇ ਸਮੁੱਚੇ ਅਮਲੇ ਨੂੰ ਦਿੱਤਾ ਹੈ। ਉਨ੍ਹ੍ਹਾਂ ਨੇ ਜ਼ਿਲ੍ਹਾ ਹਸਪਤਾਲ ਦੀ ਅਸੈਸਮੈਟ ਵਿਚ ਸਹਿਯੋਗ ਦੇਣ ਲਈ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ ਸਮੇਤ ਹੋਰ ਉੱਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਜ਼ਿਲ੍ਹਾ ਹਸਪਤਾਲ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰਮਾਣ ਪੱਤਰ ਲਈ ਚੁਣੇ ਜਾਣਾ ਇਸ ਦੀਆਂ ਮਾਨਵਤਾ ਪ੍ਰਤੀ ਬਿਹਤਰ ਸੇਵਾਵਾਂ ’ਤੇ ਮੋਹਰ ਹੈ।