ਪਟਿਆਲਾ,-ਕਿਸਾਨਾਂ ਵੱਲੋਂ ਫ਼ਸਲਾਂ ਵਿਚ ਵਰਤੇ ਜਾਂਦੇ ਪੈਸਟੀਸਾਈਡ ਤੇ ਇਨਸੈਕਟੀਸਾਈਡ (ਜ਼ਹਿਰੀਲੀਆਂ ਦਵਾਈਆਂ) ਸਿਰਫ਼ ਕਿਸਾਨਾਂ ਦੇ ਹੀ ਨਹੀਂ ਸਗੋਂ ਆਮ ਜਨਤਾ ਦੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਹੇ ਹਨ, ਇਹ ਖ਼ਤਰਨਾਕ ਨਤੀਜੇ ਡਾ. ਇਕਬਾਲ ਸਿੰਘ ਦੀ ਖੋਜ ਵਿਚੋਂ ਸਾਹਮਣੇ ਆਏ ਹਨ। ਡਾ. ਇਕਬਾਲ ਸਿੰਘ ਵੱਲੋਂ ਕੀਤੀ ਗਈ ਖੋਜ ਨੂੰ ਭਾਰਤ ਸਰਕਾਰ ਦੀ ਸੰਸਥਾ ਇੰਸਟੀਚਿਊਟ ਆਫ਼ ਸਕਾਲਰ ਨੇ ਮਾਨਤਾ ਦਿੰਦਿਆਂ ਉਸ ਨੂੰ ‘ਰਿਸਰਚ ਐਕਸੀਲੈਂਸ ਐਵਾਰਡ-2023’ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬ ਜੋਨ ਦਾ ਖੋਜ ਕਰਨ ਵਾਲਾ ਜੀਵਨ ਭਰ ਲਈ ਮੈਂਬਰ ਵੀ ਬਣਾ ਦਿੱਤਾ ਹੈ।
ਡਾ. ਇਕਬਾਲ ਸਿੰਘ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਫਿਜ਼ੀਓਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨੇ ਆਪਣੀ ਖੋਜ ਦਾ ਕੇਂਦਰ ਪਟਿਆਲਾ ਦੇ ਚੌਗਿਰਦੇ ਦੇ 40 ਪਿੰਡਾਂ ਨੂੰ ਬਣਾਇਆ ਹੈ, ਇਸ ਵਿਚ ਉਨ੍ਹਾਂ ਦੋ ਤਰ੍ਹਾਂ ਦੇ ਕਿਸਾਨ ਸ਼ਾਮਲ ਕੀਤੇ ਹਨ,ਇਕ ਉਹ ਕਿਸਾਨ ਹਨ ਜੋ ਆਰਗੈਨਿਕ ਤਰੀਕੇ ਨਾਲ ਖੇਤੀ ਕਰਦੇ ਹਨ ਤੇ ਦੂਜੇ ਉਹ ਕਿਸਾਨ ਹਨ ਜੋ ਫ਼ਸਲਾਂ ਵਿਚ ਜ਼ਹਿਰੀਲੀਆਂ ਦਵਾਈਆਂ ਵਰਤ ਕੇ ਖੇਤੀ ਕਰਦੇ ਹਨ। ਡਾ. ਇਕਬਾਲ ਨੇ ਕਿਸਾਨਾਂ ਦੇ ਟੈੱਸਟ ਕੀਤੇ, ਜਿਸ ਵਿਚ ਇਹ ਪਾਇਆ ਗਿਆ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਨਹੀਂ ਸੀ ਪਰ ਜ਼ਹਿਰੀਆਂ ਦਵਾਈਆਂ ਵਰਤ ਕੇ ਖੇਤੀ ਕਰਨ ਵਾਲੇ 90 ਫ਼ੀਸਦੀ ਕਿਸਾਨਾਂ ਦੇ ਫੇਫੜੇ ਖ਼ਰਾਬ ਸਪਸ਼ਟ ਹੋਏ। ਉਨ੍ਹਾਂ ਵਿਚ ਬਲਗ਼ਮ, ਖਾਂਸੀ ਤੇ ਫੇਫੜਿਆਂ ਦੀਆਂ ਕਈ ਬਿਮਾਰੀਆਂ ਵੀ ਪਾਈਆਂ ਗਈਆਂ, ਇਸ ਵਿਚ ਇਹ ਵੀ ਸਪਸ਼ਟ ਹੋਇਆ ਕਿ ਫੇਫੜਿਆਂ ਦੀ ਇਨਫੈਕਸ਼ਨ ਕੈਂਸਰ ਦਾ ਕਾਰਨ ਬਣ ਰਹੀ ਹੈ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਉਸ ਨੇ ਪਾਇਆ ਕਿ ਕਿਸਾਨ ਆਮ ਤੌਰ ਤੇ ਸਲਫ਼ਰ, ਇੰਡੋਸਲਫਾਨ, ਮੋਨੋਸਿਲ, ਮੈਕਨੋਜੇਬ ਆਦਿ 234 ਦਵਾਈਆਂ ਵਰਤ ਰਹੇ ਹਨ। ਜੋ ਜਦੋਂ ਵੀ ਕਿਸਾਨ ਇਹ ਦਵਾਈਆਂ ਵਰਤ ਦੇ ਹਨ ਤਾਂ ਹਵਾ ਰਾਹੀਂ ਕਿਸਾਨਾਂ ਦੇ ਫੇਫੜਿਆਂ ਵਿਚ ਉਸ ਦਾ ਨੁਕਸਾਨ ਹੁੰਦਾ ਹੈ। ਡਾ. ਇਕਬਾਲ ਨੇ ਕਿਹਾ ਹੈ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜੇ ਸੁਰੱਖਿਅਤ ਸਪਸ਼ਟ ਹੋਏ। ਉਨ੍ਹਾਂ ਸਲਾਹ ਦਿੱਤੀ ਕਿ ਆਰਗੈਨਿਕ ਖੇਤੀ ਕਰਨ ਵਿਚ ਕਿਸਾਨ ਨਿੰਮ ਨਾਲ ਬਣੀ ‘ਓਜ਼ੋਨੀਮ ਤ੍ਰਿਸ਼ੂਲ’ ਨਾਮ ਦੀ ਦਵਾਈ ਵਰਤ ਸਕਦੇ ਹਨ। ਜਿਸ ਦਾ ਇਨਸਾਨੀ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਪਰ ਫ਼ਸਲ ਤੇ ਇਸ ਦਾ ਕਾਫ਼ੀ ਗਹਿਰਾ ਪ੍ਰਭਾਵ ਆਉਂਦਾ ਹੈ। ਡਾ. ਇਕਬਾਲ ਨੇ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਨਾਲ ਆਮ ਲੋਕਾਂ ਦੇ ਫੇਫੜੇ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਜ਼ਮੀਨ ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ ਜਿਸ ਦਾ ਪੂਰਾ ਡਾਟਾ ਜਿਓਜੌਲੀ ਵਿਭਾਗ ਵਾਲਾ ਮਾਹਿਰ ਪੂਰਾ ਪਤਾ ਕਰ ਸਕਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਕਿਸਾਨਾਂ ਦਾ ਖ਼ੂਨ ਨਿਯਮਤ ਰੂਪ ਵਿਚ ਚੈੱਕ ਹੁੰਦਾ ਰਹੇ। ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਕਿਸਾਨਾਂ ਨੂੰ ਦਵਾਈ ਛਿੜਕਾ ਵਾਲੇ ਖੇਤ ਤੇ ਲਿਖ ਕੇ ਤਖ਼ਤੀ ਲਾਉਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਉਸ ਪਾਸੇ ਜਾਣ ਲੱਗਿਆਂ ਬਚਾਅ ਰੱਖ ਸਕਣ ਅਤੇ ਸਰਕਾਰ ਵਲੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ।