ਜੰਗਲਾਤ ਮੰਤਰੀ ਵੱਲੋਂ ਜਾਇਜ਼ ਮੰਗਾਂ ਛੇਤੀ ਹੱਲ ਕਰਨ ਦਾ ਭਰੋਸਾ
ਚੰਡੀਗੜ – ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਵੱਲੋਂ ਉਠਾਈਆਂ ਜਾਇਜ਼ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।ਜੰਗਲਾਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ’ਚ ਸੇਵਾ ਨਿਭਾ ਰਹੇ ਕੱਚੇ ਕਾਮਿਆਂ ਨੂੰ ਤਰਕਸੰਗਤ ਪ੍ਰਕਿਰਿਆ ਅਪਣਾ ਕੇ ਪੱਕਾ ਕਰਨ ਦੀ ਇੱਕ ਤਜਵੀਜ਼ ਤਿਆਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੰਗਲਾਤ ਕਾਮਿਆਂ ਦਾ ਸਮੁੱਚੇ ਰਿਕਾਰਡ ਦੇ ਆਧਾਰ ’ਤੇ ਸੀਨੀਆਰਤਾ ਸੂਚੀ ਬਣਾਉਣ ਦੇ ਹੁਕਮ ਵਿਭਾਗੀ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ।ਸ. ਧਰਮਸੋਤ ਨੇ ਜੰਗਲਾਤ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਦੀਆਂ ਬਕਾਇਆ ਅਦਾਇਗੀਆਂ ਤੁਰੰਤ ਜਾਰੀ ਕਰਾਉਣ ਅਤੇ ਇਸ ਤੋਂ ਇਲਾਵਾ ਸੂਬੇ ਭਰ ’ਚ ਡੇਲੀਵੇਜ਼ ਰੇਟ ਇਕਸਾਰਤਾ ਨਾਲ ਲਾਗੂ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨਾਂ ਵਿਭਾਗੀ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਨੂੰ ਅਦਾਇਗੀਆਂ ਕਰਨ ਲਈ ਵਿਭਾਗੀ ਪ੍ਰਕਿਰਿਆ ਅਪਣਾਉਣ ਸਬੰਧੀ ਵਫ਼ਦ ਦੀ ਮੰਗ ’ਤੇ ਵਿਚਾਰ ਕਰਨ ਦੇ ਆਦੇਸ਼ ਵੀ ਦਿੱਤੇ।ਇਸ ਮੀਟਿੰਗ ਵਿੱਚ ਸ੍ਰੀ ਜਤਿੰਦਰ ਸ਼ਰਮਾ ਪ੍ਰਧਾਨ ਮੁੱਖ ਵਣਪਾਲ, ਸ੍ਰੀ ਅਨੂਪ ਉਪਾਧਿਆਏ ਐਮ.ਡੀ. ਜੰਗਲਾਤ ਕਾਰਪੋਰੇਸ਼ਨ, ਸ੍ਰੀ ਪ੍ਰਵੀਨ ਕੁਮਾਰ ਵਧੀਕ ਪ੍ਰਧਾਨ ਮੁੱਖ ਵਣਪਾਲ ਆਦਿ ਤੋਂ ਇਲਾਵਾ ਸੀਨੀਅਰ ਅਧਿਕਾਰੀ ਤੇ ਜੰਗਲਾਤ ਵਰਕਰ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।