ਸਰੀ, 18 ਜੂਨ 2020 – ਸਰੀ ਆਰਸੀਐਮਪੀ ਦੇ ਸੁਪਰਡੈਂਟ ਰੈਂਕ ਦੇ ਕਮਿਊਨਿਟੀ ਸਰਵਿਸਿਜ਼ ਅਫਸਰ ਸ਼ਰਨਜੀਤ (ਸ਼ਾਨ) ਗਿੱਲ ਨੂੰ ਤਰੱਕੀ ਦੇ ਕੇ ਚੀਫ ਸੁਪਰਡੈਂਟ ਬਣਾਇਆ ਗਿਆ ਹੈ ਅਤੇ ਹੁਣ ਉਹ ਸਰੀ ਆਰਸੀਐਮਪੀ ਦੇ ਸੀਨੀਅਰ ਆਪ੍ਰੇਸ਼ਨ ਅਫਸਰ ਬਣ ਗਏ ਹਨ।
ਸ਼ਾਨ ਗਿੱਲ ਨੂੰ ਪੁਲਿਸ ਵਿਚ 31 ਸਾਲ ਦਾ ਵਿਸ਼ਾਲ ਤਜਰਬਾ ਹੈ ਅਤੇ ਉਹ ਇਨਵੈਸਟੀਗੇਸ਼ਨ, ਕਰਾਈਮ, ਆਈਹਿੱਟ ਅਤੇ ਇਨਸਿਟ ਟੀਮਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ ਸਤੰਬਰ 2015 ਵਿਚ ਸਰੀ ਆਰਸੀਐਮਪੀ ਵਿਚ ਇੰਸਪੈਕਟਰ ਤੋਂ ਤਰੱਕੀ ਦੇ ਕੇ ਸੁਪਰਡੈਂਟ ਬਣਾਇਆ ਗਿਆ ਸੀ ਅਤੇ ਕਮਿਊਨਿਟੀ ਸਰਵਿਸਿਜ਼ ਅਫਸਰ ਦਾ ਕਾਰਜ ਸੌਂਪਿਆ ਗਿਆ ਸੀ।
ਪੰਜਾਬ ਵਿੱਚ ਮੋਗਾ ਜ਼ਿਲੇ ਦੇ ਪਿੰਡ ਰਾਜੇਆਣਾ ਦੇ ਜੰਮਪਲ ਸ਼ਾਨ ਗਿੱਲ ਠੇਠ ਪੰਜਾਬੀ ਬੋਲਦੇ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਪਰਿਵਾਰ ਨਾਲ ਸਰੀ ਵਿਚ ਰਹਿ ਰਹੇ ਹਨ। ਆਪਣੀ ਛੁੱਟੀ ਦੇ ਸਮੇਂ, ਉਹ ਇੱਕ ਵਲੰਟੀਅਰ ਅਤੇ ਸਹਾਇਕ ਕੋਚ ਦੇ ਤੌਰ ਤੇ ਸਥਾਨਕ ਮਾਈਨਰ ਹਾਕੀ, ਬੇਸ-ਬਾਲ ਅਤੇ ਫੁਟਬਾਲ ਐਸੋਸੀਏਸ਼ਨਾਂ ਨਾਲ ਕਾਰਜਸ਼ੀਲ ਰਹਿੰਦੇ ਹਨ।