ਸਰੀ, 19 ਜੂਨ 2020 – ਗ਼ਜ਼ਲ ਮੰਚ ਸਰੀ ਵੱਲੋਂ ਸਿਹਤ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਗੁਰਮੀਤ ਸਿੱਧੂ ਦੇ ਨਿਵਾਸ ਸਥਾਨ ਤੇ ਖੂਬਸੂਰਤ ਕਾਵਿ ਮਹਿਫਿਲ ਰਚਾਈ ਗਈ। ਇਸ ਮਹਿਫਿਲ ਨੂੰ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ, ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਨੇ ਆਪਣੀ ਸ਼ਾਇਰੀ ਦੇ ਵੱਖ ਵੱਖ ਰੰਗਾਂ ਨਾਲ ਸ਼ਿੰਗਾਰਿਆ।
ਕਾਵਿ ਮਹਿਫ਼ਿਲ ਦਾ ਆਗਾਜ਼ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੇ ਕਲਾਮ ਨਾਲ ਹੋਇਆ। ਉਨ੍ਹਾਂ ਦਾ ਰੰਗ ਸੀ-
“ਉਹ ਚਾਹੁੰਦੈ ਜਿੱਤਣਾ ਮੰਡੀ ਦੀ ਅੰਨ੍ਹੀ ਦੌੜ ਚੋਂ
ਬੜਾ ਨਾਦਾਨ ਹੈ ਦਲਦਲ ਚ ਤਰਨਾ ਚਾਹ ਰਿਹਾ।“
ਫਿਰ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਹਾਜਰ ਹੋਇਆ ਆਪਣੇ ਅੰਦਾਜ਼ ਵਿਚ-
“ਉਹ ਵਕਤ ਵੀ ਕੁਝ ਹੋਰ ਸੀ ਤੇ ਜ਼ਬਤ ਵੀ ਕਮਜ਼ੋਰ ਸੀ
ਇਸ਼ਕ ਵੀ ਮੂੰਹ-ਜ਼ੋਰ ਸੀ, ਟਲਿਆ ਨਾ ਸਿਰ ਤੋਂ ਟਾਲਿਆ।“
ਗੁਰਮੀਤ ਸਿੱਧੂ ਨੇ ਇਕ ਬਹੁਤ ਵਧੀਆ ਗ਼ਜ਼ਲ ਨਾਲ ਆਪਣੀ ਹਾਜਰੀ ਲੁਆਈ। ਉਸ ਦੇ ਸ਼ਿਅਰਾਂ ਦੀ ਗੰਭੀਰਤਾ ਮਾਣਨਯੋਗ ਸੀ-
“ਦੰਦੇ ਹਸਦੇ ਸੀ ਆਰੀ ਦੇ, ਰੋਂਦੀ ਸੀ ਰੂਹ ਰੁੱਖਾਂ ਦੀ
ਆਪਣੇ ਹੱਥੀਂ ਆਪਣੀ ਸ਼ਾਹ-ਰਗ, ਬੰਦਾ ਆਪੇ ਕੁਤਰ ਗਿਆ।“
ਗ਼ਜ਼ਲਗੋ ਜਸਵਿੰਦਰ ਦੀ ਗ਼ਜ਼ਲ ਮੌਜੂਦਾ ਹਾਲਾਤ ਦੀ ਖੂਬਸੂਰਤ ਤਸਵੀਰਕਸ਼ੀ ਸੀ ਜਿਸ ਦਾ ਹਰ ਸ਼ਿਅਰ ਹੀ ਕਾਬਲੇ-ਦਾਦ ਰਿਹਾ-
“ਬਚ ਗਿਆ ਸ਼ਾਇਦ ਮੈਂ ਕੁਝ ਆਖਣ ਲਈ ਹੀ
ਸ਼ਹਿਰ ਵਿਚ ਹੈ ਕਹਿਰ ਜ਼ੋਰੋ ਜ਼ੋਰ ਭਾਵੇਂ।
ਫਸ ਗਈ ਇਕ ਚੀਖ਼ ਮੇਰੇ ਕੰਠ ਵਿਚ ਵੀ,
ਭਾਰ ਦੇ ਹੇਠਾਂ ਹੈ ਗਰਦਨ ਹੋਰ ਭਾਵੇਂ।“
ਦਵਿੰਦਰ ਗੌਤਮ ਨੇ ਆਪਣੀ ਪਿਆਰੀ ਅਤੇ ਤਰੰਨੁਮ ਵਿਚ ਪੇਸ਼ ਕੀਤੀ ਸ਼ਾਇਰੀ ਨਾਲ ਖੂਬ ਰੰਗ ਬੰਨ੍ਹਿਆਂ-
“ਖਾਮੋਸ਼ੀਆਂ ਦਾ ਪਰਦਾ ਜਦ ਤਾਰ ਤਾਰ ਹੋਇਆ।
ਲੱਗ ਕੇ ਗਲੇ ਉਹ ਮੇਰੇ ਸੀ ਜ਼ਾਰ ਜ਼ਾਰ ਰੋਇਆ।“
ਮੰਚ ਦੇ ਪਿਆਰੇ ਸ਼ਾਇਰ ਰਾਜਵੰਤ ਰਾਜ ਦੀ ਦਿਲਕਸ਼ ਸ਼ਾਇਰੀ ਵੀ ਸਮੁੱਚੀ ਮਹਿਫ਼ਿਲ ਨੂੰ ਰੰਗੀਨ ਕਰ ਗਈ-
“ਸ਼ਾਮ ਢਲਦੇ ਸਾਰ ਹੀ ਹੋ ਜਾਣ ਪਲਕਾਂ ਭਾਰੀਆਂ।
ਫੇਰ ਉਛਲਣ ਲਗਦੀਆਂ ਨੈਣਾਂ ਚੋਂ ਨਦੀਆਂ ਖਾਰੀਆਂ।“
ਅਖੀਰ ਵਿਚ ਸ਼ਾਇਰ ਹਰਦਮ ਮਾਨ ਨੇ ਆਪਣੀ ਨਵੀਂ ਗ਼ਜ਼ਲ ਦੇ ਸ਼ਿਅਰਾਂ ਨਾਲ ਸਾਂਝ ਪੁਆਈ –
“ਕਦੇ ਸ਼ਬਦਾਂ ਚੋਂ ਆਉਦੀਂ ਮਹਿਕ ਤੇ ਮੁਸਕਾਨ ਫੁੱਲਾਂ ਦੀ
ਪਵੇ ਜੇ ਲੋੜ ਤਾਂ ਹਰ ਸ਼ਬਦ ਹੀ ਤਲਵਾਰ ਹੁੰਦਾ ਹੈ।“