ਐਸ ਏ ਐਸ ਨਗਰ, 3 ਜੂਨ-ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਕਾਨਕ ਉਦਯੋਗਪਤੀ ਅਤੇ ਵਪਾਰੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਨਿੱਜੀ ਯਤਨ ਕਰਕੇ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਰੋਪ ਅਤੇ ਉੱਤਰੀ ਅਮਰੀਕਾ ਦੇ ਮੁਲਕਾਂ ਵਾਸਤੇ ਅੰਤਰਰਾਸ਼ਟਰੀ ਉੜਾਨਾ ਆਰੰਭ ਕਰਵਾਉਣਗੇ। ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਮੋਦੀ ਸਰਕਾਰ ਵੱਲੋਂ ਪਿਛਲੇ ਨੌਂ ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਣ ਲਈ ਕੀਤੇ ਗਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸ਼ੇਖਾਵਤ ਨੇ ਉਦਯੋਗਾਂ ਅਤੇ ਵਪਾਰੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਯੋਜਨਾਵਾਂ ਨਾਲ ਨਾ ਸਿਰਫ ਆਮ ਆਦਮੀ ਦੀ ਜ਼ਿੰਦਗੀ ਆਸਾਨ ਹੋਈ ਹੈ ਬਲਕਿ ਕੇਂਦਰ ਸਰਕਾਰ ਦੀ ਵਿਕਾਸਮੁਖੀ ਨੀਤੀਆਂ ਨੇ ਦੇਸ਼ ਭਰ ਵਿੱਚ ਉਦਯੋਗ ਅਤੇ ਵਪਾਰ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ ਜਿਸ ਨਾਲ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ ਅਤੇ ਇਸ ਵੇਲੇ ਭਾਰਤੀ ਅਰਥਵਿਵਸਥਾ 7.1 ਫੀਸਦੀ ਵਿਕਾਸ ਦਰ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਗਈ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ (ਜੋ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਹਨ) ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਤੋਂ ਦੁਬਈ ਵਾਸਤੇ ਤਾਂ ਅੰਤਰਰਾਸ਼ਟਰੀ ਉੜਾਨ ਦੀ ਸੇਵਾ ਉਪਲਬਧ ਹੈ ਪਰੰਤੂ ਯੂਰਪ ਜਾਂ ਉੱਤਰੀ ਅਮਰੀਕਾ ਲਈ ਅੰਤਰਰਾਸ਼ਟਰੀ ਉਡਾਣ ਦਾ ਪ੍ਰਬੰਧ ਨਾ ਹੋਣ ਕਾਰਨ ਸਥਾਨਕ ਉਦਯੋਗਪਤੀਆਂ ਨੂੰ ਲੋੜੀਂਦੀ ਸਹੂਲੀਅਤ ਨਹੀਂ ਮਿਲਦੀ। ਉਹਨਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਯੂਰਪ ਜਾਂ ਉੱਤਰੀ ਅਮਰੀਕਾ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਪਹਿਲਕਦਮੀ ਕਰਨ।
ਇਸ ਮੌਕੇ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਹਾਜ਼ਰੀਨ ਨਾਲ ਵਾਅਦਾ ਕੀਤਾ ਕਿ ਉਹ ਨਿੱਜੀ ਤੌਰ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਗੱਲ ਕਰਨਗੇ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣਗੇ।
ਇੱਥੇ ਜਿਕਰਯੋਗ ਹੈ ਕਿ ਸੰਜੀਵ ਵਸ਼ਿਸ਼ਟ ਵਲੋਂ 2016 ਵਿੱਚ ਮੁਹਾਲੀ ਦੇ ਹਵਾਈ ਅੱਡੇ ਤੋਂ ਦੁਬਈ ਲਈ ਅੰਤਰਰਾਸ਼ਟਰੀ ਉਡਾਣ ਨੂੰ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਵਾਸਤੇ ਉਹਨਾਂ ਵਲੋਂ ਮਾਣਯੋਗ ਅਦਾਲਤ ਵਿੱਚ ਪਾਈ ਗਈ ਜਨਹਿਤ ਪਟੀਸ਼ਨ ਤੋਂ ਬਾਅਦ ਇਹ ਉੜਾਣ ਆਰੰਭ ਹੋਈ ਸੀ।