ਸਰੀ, 19 ਜੂਨ 2020 – ਕੈਨੇਡਾ ਸਰਕਾਰ ਵੱਲੋਂ ਛੇਤੀ ਹੀ ਇਕ ਅਜਿਹਾ ਮੋਬਾਈਲ ਐਪ ਲਾਂਚ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਪਤਾ ਲੱਗ ਸਕੇਗਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਕੋਈ ਬੰਦਾ ਤੁਹਾਡੇ ਨੇੜੇ ਤੇੜੇ ਹੈ। ਇਹ ਐਲਾਨ ਕਰਦਿਆਂ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸ਼ੁਰੂ ਕੀਤਾ ਜਾ ਰਿਹਾ ਇਹ ਮੋਬਾਈਲ ਕਾਂਟੈਕਟ ਟਰੇਸਿੰਗ ਐਪ ਪੂਰਨ ਤੌਰ ‘ਤੇ ਵਾਲੰਟਰੀ ਹੋਵੇਗਾ ਅਤੇ ਇਸ ਐਪ ਨੂੰ ਦੇਸ਼ ਭਰ ਵਿੱਚ ਵਰਤਿਆ ਜਾ ਸਕੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਜ਼ਿੰਦਗੀ ਲੀਹ ‘ਤੇ ਆਉਣ ਲਈ ਤਤਪਰ ਹੋ ਰਹੀ ਹੈ ਅਤੇ ਇਸ ਸਮੇਂ ਇਹ ਐਪ ਪਬਲਿਕ ਹੈਲਥ ਵੱਲ ਚੁੱਕਿਆ ਜਾਣ ਵਾਲਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਹਰੇਕ ਕੈਨੇਡੀਅਨ ਦੀ ਮਰਜ਼ੀ ਹੈ ਕਿ ਉਸ ਨੇ ਇਸ ਐਪ ਨੂੰ ਡਾਊਨਲੋਡ ਕਰਨਾ ਹੈ ਜਾਂ ਨਹੀਂ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਐਪ ਉਸ ਸਮੇਂ ਹੀ ਵਧੇਰੇ ਲਾਹੇਵੰਦ ਹੋਵੇਗਾ ਜਦੋਂ ਵੱਧ ਤੋਂ ਵੱਧ ਲੋਕ ਇਸ ਦੀ ਵਰਤੋਂ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਵੇਂ ਸਾਫਟਵੇਅਰ ਲਈ ਫੈਡਰਲ ਸੰਸਥਾ ‘ਕੈਨੇਡੀਅਨ ਡਿਜੀਟਲ ਸਰਵਿਸ’, ਸ਼ੌਪੀਫਾਈ, ਬਲੈਕਬੈਰੀ ਤੋਂ ਇਲਾਵਾ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਆਉਣ ਵਾਲੇ ਹਫਤਿਆਂ ਵਿੱਚ ਇਹ ਪੂਰੇ ਦੇਸ਼ ਵਾਸੀਆਂ ਲਈ ਉਪਲਬਧ ਹੋਵੇਗਾ।