ਔਕਲੈਂਡ, 19 ਜੂਨ 2020 – ਨਿਊਜ਼ੀਲੈਂਡ ਦੇ ਵਿੱਚ ਅਪਰਾਧੀਆਂ ਦੇ ਹੌਂਸਲੇ ਹੁਣ ਐਨੇ ਵਧ ਗਏ ਹਨ ਕਿ ਉਹ ਟ੍ਰੈਫਿਕ ਚੈਕਿੰਗ ਦੌਰਾਨ ਰੁਕਣ ਨਾਲੋਂ ਪੁਲਿਸ ਅਫਸਰਾਂ ਉੱਤੇ ਗੋਲੀ ਚਲਾਉਣ ਨੂੰ ਆਪਣੀ ਸ਼ੇਖੀ ਸਮਝਣ ਲੱਗੇ ਹਨ। ਅੱਜ ਸਵੇਰੇ 10.40 ‘ਤੇ ਵੈਸਟ ਔਕਲੈਂਡ ਦੇ ਮੈਸੀ ਖੇਤਰ ਦੇ ਵਿਚ ਨਿਊਜ਼ੀਲੈਂਡ ਪੁਲਿਸ ਦੀ ਰੂਟੀਨ ਟ੍ਰੈਫਿਕ ਚੈਕਿੰਗ ਦੌਰਾਨ ਇਕ ਹਮਲਾਵਾਰ ਨੇ ਦੋ ਪੁਲਿਸ ਅਫਸਰਾਂ ਦੇ ਉੱਤੇ ਗੋਲੀਬਾਰੀ ਕਰ ਦਿੱਤੀ। ਇੱਕ ਪੁਲਿਸ ਅਫਸਰ ਦੀ ਥੋੜ੍ਹੀ ਦੇਰ ਬਾਅਦ ਸ਼ਹੀਦ ਹੋ ਗਿਆ ਜਦ ਕਿ ਦੂਜਾ ਜ਼ਖਮੀ ਹੋ ਗਿਆ।
ਹਮਲਾਵਰ ਨੇ ਆਪਣੀ ਕਾਰ ਇੱਕ ਰਾਹਗੀਰ ਦੇ ਉੱਤੇ ਵੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ 2009 ਦੇ ਵਿਚ ਇਸੀ ਤਰ੍ਹਾਂ ਨੇਪੀਅਰ ਵਿਖੇ ਪੁਲਿਸ ਅਫਸਰ ਮਾਰਿਆ ਗਿਆ ਸੀ ਅਤੇ ਹੁਣ ਇਹ ਘਟਨਾ 11 ਸਾਲ ਬਾਅਦ ਦੁਬਾਰਾ ਹੋਈ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਭਾਰੀ ਪੁਲਿਸ ਫੋਰਸ ਉਸਨੂੰ ਲੱਭਣ ਲਈ ਲੱਗੀ ਹੋਈ ਹੈ। ਨੇੜੇ ਦੇ ਸਕੂਲਾਂ ਨੂੰ ਗੇਟ ਬੰਦ ਰੱਖਣ ਲਈ ਕਿਹਾ ਗਿਆ ਹੈ।
ਪੁਲਿਸ ਨੇ ਲੋਕਾਂ ਨੂੰ ਡਨਬੱਕ ਰੋਡ, ਵਾਇਮੂਮਾ ਰੋਡ, ਹੈਵਲਿਟ ਰੋਡ ‘ਤੇ ਟ੍ਰਾਇੰਗਲ ਰੋਡ ਤੋਂ ਪਰ੍ਹੇ ਰਹਿਣ ਲਈ ਕਿਹਾ ਹੈ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਪੁਲਿਸ ਅਫਸਰ ਤੜ੍ਹਪ ਰਿਹਾ ਸੀ ਉਸਨੇ ਗੱਡੀ ਰੋਕ ਕੇ ਉਸਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਗੁਆਂਢੀਆ ਅਤੇ ਦੂਜੇ ਪੁਲਿਸ ਅਫਸਰਾਂ ਵੱਲੋਂ ਰੋਕ ਦਿੱਤਾ ਗਿਆ। ਤਿੰਨ ਐਂਬੂਲੈਂਸ ਗੱਡੀਆਂ ਅਤੇ ਭਾਰੀ ਫੋਰਸ ਉੱਥੇ ਤੁਰੰਤ ਪਹੁੰਚ ਗਈ ਸੀ।