ਵਾਸ਼ਿੰਗਟਨ – ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਨਾਸਾ ਵਿਚ ਉਨ੍ਹਾਂ ਲਈ ਪ੍ਰਸ਼ਾਸਕੀ ਤਬਦੀਲੀਆਂ ਦੀ ਨਿਗਰਾਨੀ ਕਰਨ ਵਾਲੀ ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਹੁਣ ਬਾਇਡਨ ਪ੍ਰਸ਼ਾਸਨ ਵਿਚ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ‘ਚੀਫ਼ ਆਫ਼ ਸਟਾਫ਼’ ਨਿਯੁਕਤ ਕੀਤਾ ਗਿਆ ਹੈ। ਨਾਸਾ ਮੁਤਾਬਕ ਲਾਲ ਕੋਲ ਇੰਜਨੀਅਰਿੰਗ ਤੇ ਪੁਲਾੜ ਤਕਨੀਕ ਦਾ ‘ਵੱਡਾ ਤਜਰਬਾ’ ਹੈ। ਉਹ 2005 ਤੋਂ 2020 ਤੱਕ ਰੱਖਿਆ ਵਿਸ਼ਲੇਸ਼ਣ ਵਿਗਿਆਨ ਤੇ ਤਕਨੀਕੀ ਨੀਤੀ ਸੰਸਥਾ (ਐੱਸਟੀਪੀਆਈ) ਵਿਚ ਖੋਜ ਅਮਲੇ ਦੀ ਮੈਂਬਰ ਰਹਿ ਚੁੱਕੀ ਹੈ। ਉੱਥੇ ਭਵਿਆ ਨੇ ਵਾਈਟ ਹਾਊਸ ਦੇ ਵਿਗਿਆਨ ਤੇ ਤਕਨੀਕੀ ਨੀਤੀ ਬਾਰੇ ਦਫ਼ਤਰ ਅਤੇ ਕੌਮੀ ਪੁਲਾੜ ਕੌਂਸਲ ਲਈ ਪੁਲਾੜ ਤਕਨੀਕ, ਰਣਨੀਤੀ ਬਣਾਉਣ ਨਾਲ ਸਬੰਧਤ ਕਾਰਜਾਂ ਦੀ ਅਗਵਾਈ ਕੀਤੀ ਹੈ। ਨਾਸਾ, ਰੱਖਿਆ ਵਿਭਾਗ ਤੇ ਖ਼ੁਫ਼ੀਆ ਏਜੰਸੀਆਂ ਲਈ ਵੀ ਉਸ ਨੇ ਕੰਮ ਕੀਤਾ ਹੈ।