ਐਸ ਏ ਐਸ ਨਗਰ, 7 ਜਨਵਰੀ- ਭਾਜਪਾ ਦੇ ਜਿਲ੍ਹਾਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਦੇ ਇੱਕ ਵਫਦ ਵਲੋਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਿਸ ਵਿੰਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀ ਜੀ ਪੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਪੰਜਾਬ ਫੇਰੀ ਦੌਰਾਨ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਦੀ ਉੜਾਨ ਸੰਭਵ ਨਾ ਹੋਣ ਤੇ ਪ੍ਰਧਾਨ ਮੰਤਰੀ ਦਾ ਬਠਿੰਡਾ ਹਵਾਈ ਅੱਡੇ ਤੋਂ ਫਿਰੋਜਪੁਰ ਜਾਣ ਦਾ ਰੂਟ ਬਣਾਇਆ ਗਿਆ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਫਿਰੋਜਪੁਰ ਵੱਲ ਜਾ ਰਿਹਾ ਸੀ ਤਾਂ ਰਾਹ ਵਿੱਚ ਇੱਕ ਉਵਰਬ੍ਰਿਜ ਨੇੜੇ ਪ੍ਰਦਰਸ਼ਨਕਾਰੀਆਂ ਵਲੋਂ ਸੜਕ ਜਾਮ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 15-20 ਮਿਨਟ ਲਈ ਸੜਕ ਤੇ ਹੀ ਰੁਕਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਦੀ ਸੁਰਖਿਆ ਵਿੱਚ ਵੱਡੀ ਕੁਤਾਹੀ ਹੋਈ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਦੌਰਾਨ ਉਹਨਾਂ ਨੂੰ ਮੁਕੰਮਲ ਸੁਰਖਿਆ ਦੇਣਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਅਤੇ ਇਸ ਸੰਬੰਧੀ ਪ੍ਰਧਾਨਮੰਤਰੀ ਦੇ ਦੌਰੇ ਦਾ ਪੂਰਾ ਪ੍ਰੋਗਰਾਮ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਪਰੰਤੂ ਪੰਜਾਬ ਸਰਕਾਰ ਵਲੋਂ ਸਾਜਿਸ਼ਾਨਾਂ ਢੰਗ ਨਾਲ ਕਾਰਵਾਈ ਕਰਕੇ ਇਸ ਫੇਰੀ ਨੂੰ ਰੱਦ ਕਰਵਾ ਦਿੱਤਾ ਗਿਆ। ਜਿਸ ਲਈ ਪੰਜਾਬ ਦ ਗ੍ਰਹਿ ਮੰਤਰੀ ਅਤੇ ਡੀ ਜੀ ਪੀ ਦੇ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਭਾਜਪਾ ਆਗੂ ਅਰੁਣ ਸ਼ਰਮਾ, ਅਸ਼ੋਕ ਝਾਅ, ਰਮੇਸ਼ ਵਰਮਾ, ਮਦਨ ਗੋਇਲ, ਜਸਮਿੰਦਰ ਪਾਲ ਸਿੰਘ, ਸਾਗਰ ਜੈਨ ਅਤੇ ਹੋਰ ਹਾਜਿਰ ਸਨ।