ਅਬੋਹਰ/ ਫਾਜ਼ਿਲਕਾ 18 ਜੂਨ-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਿਸ਼ਨ ਫਤਿਹ ਮੁਹਿੰਮ ਦੇ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਦੀਆਂ ਸਾਵਧਾਨੀਆਂ ਅਤੇ ਬਚਾਅ ਬਾਰੇ ਜਾਗਰੂਕਤਾ ਲਿਆਉਣ ਲਈ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ ਅਬੋਹਰ ਸ. ਜਸਪਾਲ ਸਿੰਘ ਬਰਾੜ ਨੇ ਮਿਸ਼ਨ ਫਤਿਹ ਬਾਰੇ ਪ੍ਰੇਰਿਤ ਕਰਦੀਆਂ 6 ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਪ੍ਰਚਾਰ ਵੈਨਾਂ ਚਲਾਉਣ ਦਾ ਮੰਤਵ ਕੋਵਿਡ-19 ਦੇ ਫੈਲਾਅ ਨੂੰ ਰੋਕਣਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਉਪਰਾਲੇ ਕਰਨਾ ਹੈ। ਉਨਾਂ ਕਿਹਾ ਕਿ ਇਨਾਂ ਜਾਗਰੂਕਤਾ ਵੈਨਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੰਡਣ ਲਈ ਲਿਖਤੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ।
ਐਸ.ਡੀ.ਐਮ ਸ. ਬਰਾੜ ਨੇ ਕਿਹਾ ਕਿ ਇਹ ਪ੍ਰਚਾਰ ਵੈਨਾਂ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰ ਦੇ ਇਲਾਕੇ ਨੂੰ ਕਵਰ ਕਰਨਗੀਆਂ। ਉਨਾਂ ਦੱਸਿਆ ਕਿ 2 ਵੈਨਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ 1-1 ਵੈਨ ਬਲੂਆਣਾ, ਸੀਤੋਗੁਨੋ, ਗੁੰਮਜਾਲ ਤੇ ਧਰਮਪੁਰਾ ਏਰੀਏ ਵਿੱਚ ਜਾ ਕੇ ਮਿਸ਼ਨ ਫਤਿਹ ਦੇ ਉਦੇਸ਼ ਬਾਰੇ ਲੋਕਾਂ ਨੂੰ ਜਾਣੂੰ ਕਰਵਾਏਗੀ। ਉਨਾਂ ਕਿਹਾ ਕਿ ਪ੍ਰਚਾਰ ਵੈਨਾਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਹਰੇਕ ਘਰ ਤੱਕ ਪਹੰੁਚ ਕਰਕੇ ਕੋਵਿਡ-19 ਦੇ ਬਚਾਆਂ ਮਾਸਕ ਪਾਉਣਾ, ਹੈਂਡ ਸੈਨੇਟਾਈਜਰ ਦੀ ਵਰਤੋਂ ਕਰਨੀ, ਖੁੱਲੇ ’ਚ ਨਾ ਥੁੱਕਣਾ, ਬਿਨਾਂ ਕਿਸੇ ਜਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਣਾ ਆਦਿ ਸਾਵਧਾਨੀਆਂ ਬਾਰੇ ਜਾਗਰੂਕ ਕਰੇਗੀ।