ਪੰਜਾਬ ਦੇ ਬਿਜਲੀ ਕਾਮੇ ਵੱਖ ਵੱਖ ਜਥੇਬੰਦੀਆਂ ਜੁਆਇੰਟ ਫੋਰਮ, ਟੈਕਨੀਕਲ ਸਰਵਸਿਜ ਯੂਨੀਅਨ ( ਰਜਿ) ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਬੈਨਰ ਥੱਲੇ 16 ਨਵੰਬਰ ਤੋਂ ਸਮੂਹਿਕ ਰੂਪ’ਚ ਛੁੱਟੀ ਤੇ ਰਹੇ। ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੇ ਲਗਾਤਾਰ ਸਮਝੌਤੇ ਕਰਕੇ ਮੁੱਕਰਦੀ ਆ ਰਹੀ ਹੈ। ਬਿਜਲੀ ਕਾਮਿਆਂ ਦੀ ਸਭ ਤੋਂ ਵੱਡੀ ਮੰਗ ਬਹੁਤ ਸਾਰੀਆਂ ਕੈਟਾਗਰੀਆਂ ਦੇ 1-12-2011 ਤੋਂ ਤਨਖਾਹ ਬੈਂਡ ਵਿੱਚ ਸੋਧ ਕਰਨਾ ਹੈ। ਇਸ ਮੁੱਖ ਮੰਗ ਸਮੇਤ ਬਾਕੀ ਅਹਿਮ ਮੰਗਾਂ ਤੇ ਬਿਜਲੀ ਕਾਮੇ ਵੱਖ-ਵੱਖ ਜਥੇਬੰਦੀਆਂ ਦੇ ਬੈਨਰ ਥੱਲੇ ਦਸ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਹੁਣ ਬਿਜਲੀ ਕਾਮਿਆਂ ਨੇ ਸਾਂਝੇ ਤੌਰ’ਤੇ ਪਾਵਰਕੌਮ ਦੀ ਮਨੇਜਮੈਂਟ ਦੇ ਮੁਲਾਜ਼ਮ ਦੋਖੀ ਰਵੱਈਏ ਨੂੰ ਭਾਂਪਦਿਆਂ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ ਦਾ ਸਿੱਟਾ ਇਹ ਹੈ ਕਿ ਵੱਡੀ ਬਹੁਗਿਣਤੀ ਤਕਨੀਕੀ ਅਤੇ ਕਲੈਰੀਕਲ ਕਾਮਿਆਂ ਦੇ ਸਮੂਹਿਕ ਰੂਪ’ਚ ਛੁੱਟੀ ਤੇ ਚਲੇ ਜਾਣ ਦਫਤਰਾਂ ਅੰਦਰ ਚੁੱਪ ਪਸਰੀ ਹੋਈ ਹੈ, ਫੀਲਡ ਵਿੱਚ ਕੋਈ ਨਹੀਂ ਹੋ ਰਿਹਾ। ਅਧਿਕਾਰੀ ਸਿਰਫ਼ ਗਰਿੱਡਾਂ ਉੱਪਰ ਡਿਉਟੀ ਦੇ ਰਹੇ ਹਨ। ਸੈਂਕੜੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਪਈ ਹੈ। ਕਣਕਾਂ ਨੂੰ ਪਾਣੀ ਦੀ ਸਖਤ ਲੋੜ ਹੈ। ਅੱਜ ਬਰਨਾਲਾ ਦੇ ਧਨੌਲਾ ਰੋਡ ਮੁੱਖ ਦਫ਼ਤਰ ਵਿੱਚ ਸਾਰੀਆਂ
ਜਥੇਬੰਦੀਆਂ ਨੇ ਸਾਂਝੀ ਵਿਸ਼ਾਲ ਰੈਲੀ ਕਰਕੇ ਮੁਜਾਹਰਾ ਕਰਕੇ ਪਾਵਰਕੌਮ ਅਤੇ ਪੰਜਾਬ ਸਰਕਾਰ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਪਰਵਾਨ ਕੀਤੀਆਂ ਜਾਣ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਸਾਂਝਾ ਸੰਘਰਸ਼ ਹੋਰ ਵਿਸ਼ਾਲ ਅਤੇ ਤਿੱਖਾ ਹੋਵੇਗਾ। ਬੁਲਾਰੇ ਆਗੂਆਂ ਰਾਮਪਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਕੁਲਵੀਰ ਸਿੰਘ, ਸਤਿੰਦਰ ਪਾਲ ਸਿੰਘ, ਹਾਕਮ ਨੂਰ, ਨਰਾਇਣ ਦੱਤ, ਮੋਹਣ ਸਿੰਘ, ਗੁਰਲਾਭ ਸਿੰਘ, ਰਜੇਸ਼ ਕੁਮਾਰ ਬੰਟੀ, ਮੇਲਾ ਸਿੰਘ ਕੱਟੂ, ਜਰਨੈਲ ਸਿੰਘ ਚੀਮਾ,ਸੁਖਦੇਵ ਸਿੰਘ, ਜਗਤਾਰ ਸਿੰਘ,ਸੁਰਤ ਰਾਮ ਅਤੇ ਚੇਤ ਸਿੰਘ ਨੇ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਕਿ ਜਦ ਹੁਣ ਬਿਜਲੀ ਕਾਮਿਆਂ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹਨ ਤਾਂ ਇੱਕ ਪਲੇਟਫਾਰਮ ਪਾਵਰਕੌਮ ਦੀ ਮਨੇਜਮੈਂਟ ਨਾਲ ਸਾਂਝੇ ਤੌਰ’ਤੇ ਗੱਲਬਾਤ ਦਾ ਦੌਰ ਚਲਾਇਆ ਜਾਵੇ। ਆਗੂਆਂ ਨੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਖਾਸ ਕਰ ਟੀਐਸਯੂ ਸਰਕਲ ਪਟਿਆਲਾ ਦੇ ਆਗੂਆਂ ਦੀਆਂ ਟਰਮੀਨੇਸ਼ਨਾਂ ਰੱਦ ਕੀਤੇ ਜਾਣ ਦੀ ਜੋਰਦਾਰ ਮੰਗ ਕੀਤੀ। ਵਿਸ਼ਾਲ ਰੈਲੀ ਕਰਨ ਉਪਰੰਤ ਅਕਾਸ਼ ਗੁੰਜਾਊ ਨਾਹਰਿਆਂ ਨਾਲ ਮੁਜਾਹਰਾ ਕੀਤਾ ਗਿਆ।