ਮਾਨਸਾ, 24 ਨਵੰਬਰ:-ਪੰਜਾਬ ਰਾਜ ਬਿਜਲੀ ਨਿਗਮ ਦੇ 2 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਰੰਭੀ ਬਿਜਲੀ ਬਿਲ ਮੁਆਫ਼ੀ ਸਕੀਮ ਦਾ ਹੁਣ ਤੱਕ ਮਾਨਸਾ ਜ਼ਿਲ੍ਹੇ ਦੇ 24 ਹਜ਼ਾਰ 151 ਖਪਤਕਾਰਾਂ ਨੇ ਲਾਭ ਉਠਾਇਆ ਹੈ। ਇਨ੍ਹਾਂ ਖਪਤਕਾਰਾਂ ਦੇ 14.01 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿਲ ਮੁਆਫ਼ ਹੋਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਗੁਪਤਾ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 2 ਕਿਲੋਵਾਟ ਤੱਕ ਦੇ ਮਨਜੂਰਸ਼ੁਦਾ ਘਰੇਲੂ ਬਿਜਲੀ ਲੋਡ ਵਾਲੇ ਖਪਤਕਾਰਾਂ ਨੂੰ ਰਾਜ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਹਵਾਲੇ ਨਾਲ ਦੱਸਿਆ ਕਿ ਬਿਜਲੀ ਨਿਗਮ ਦੇ ਮਾਨਸਾ ਜ਼ਿਲ੍ਹੇ ਅੰਦਰ 2 ਕਿਲੋਵਾਟ ਮਨਜ਼ੂਰਸ਼ੁਦਾ ਘਰੇਲੂ ਲੋਡ ਵਾਲੇ 68205 ਖਪਤਕਾਰ ਅਜਿਹੇ ਹਨ ਜਿਨ੍ਹਾ ਦੇ ਬਿਜਲੀ ਨਿਗਮ ਵੱਲ 20.42 ਕਰੋੜ ਰੁਪਏ ਬਕਾਇਆ ਹਨ, ਪਰ ਬਿਜਲੀ ਨਿਗਮ ਨੇ ਇਹ ਰਕਮ ਖਪਤਕਾਰਾਂ ਦੇ ਖਾਤਿਆਂ ‘ਚ ਲਾਕ ਕਰ ਦਿੱਤੀ ਹੈ।
ਇਸ ਮੌਕੇ ਪੰਜਾਬ ਰਾਜ ਬਿਜਲੀ ਨਿਗਮ ਬਠਿੰਡਾ ਸਰਕਲ ਅਧੀਨ ਪੈਦੇ ਵੰਡ ਮੰਡਲ ਬੁਢਲਾਡਾ ਵੱਲੋ ਵਧੀਕ ਨਿਗਰਾਨ ਇੰਜ: ਉੱਤਮ ਕੁਮਾਰ ਬਾਂਸਲ ਅਤੇ ਵੰਡ ਮੰਡਲ ਮਾਨਸਾ ਵੱਲੋ ਸੀਨੀਅਰ ਕਾਰਜਕਾਰੀ ਇੰਜ: ਸਾਹਿਲ ਗੁਪਤਾ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਖਪਤਕਾਰਾਂ ਨੂੰ ਪੰਜਾਬ ਸਰਕਾਰ ਦੀ ਬਕਾਇਆ ਬਿਜਲੀ ਮਾਫ਼ੀ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਘਰੇਲੂ ਖਪਤਕਾਰ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਮਾਨਸਾ ਜ਼ਿਲ੍ਹੇ ਅੰਦਰ ਬਿਜਲੀ ਨਿਗਮ ਦੀਆਂ 9 ਸਬ-ਡਵੀਜਨਾਂ ਵਿਖੇ 29 ਨਵੰਬਰ 2021 ਤੋਂ ਲੱਗਣ ਵਾਲੇ ਵਿਸੇਸ ਕੈਂਪਾਂ ’ਚ ਪਹੁੰਚ ਕਰ ਸਕਦੇ ਹਨ।