ਔਕਲੈਂਡ 25 ਨਵੰਬਰ, 2021:- ਬੀਤੇ ਮੰਗਲਵਾਰ ਦੀ ਸ਼ਾਮ ਪੁੱਕੀਕੋਹੀ ਵਸਦੇ ਇਕ ਪੰਜਾਬੀ ਪਰਿਵਾਰ ਜਤਿੰਦਰ ਸਿੰਘ ਅਤੇ ਸ੍ਰੀਮਤੀ ਕੁਲਵਿੰਦਰ ਕੌਰ ( ਮਾਂਗਟ ਪਰਿਵਾਰ ਤੇ ਘਰ ਬਾਰ ਉਤੱਰ ਪ੍ਰਦੇਸ਼) ਦੇ ਗ੍ਰਹਿ ਵਿਖੇ ਉਸ ਵੇਲੇ ਕੜਕਦੀ ਧੁੱਪੇ ਰਾਤ ਵਰਗਾ ਘੁੱਪ ਹਨ੍ਹੇਰਾ ਛਾਅ ਗਿਆ ਜਦੋਂ ਪਰਿਵਾਰ ਦੀ ਹੋਣਹਾਰ ਧੀ, ਤੈਰਾਕੀ ਵਿਚ ਨਿਪੁੰਨ 18 ਸਾਲਾ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ (ਰਿੱਪ) ਨੇ ਆਪਣੇ ਘੇਰੇ ਵਿਚ ਘੇਰ ਲੈ ਲਿਆ ਅਤੇ ਸਦਾ ਲਈ ਸਵਾਸਾਂ ਦੀ ਪੂੰਜੀ ਨੂੰ ਖਤਮ ਕਰ ਦਿੱਤਾ।
ਇਹ ਕੁੜੀ ਆਪਣੇ ਘਰ ਤੋਂ ਲਗਪਗ 30 ਕਿਲੋਮੀਟਰ ਦੂਰ ਬੀਚ ਉਤੇ ਆਪਣੀ ਛੋਟੀ ਭੈਣ ਨਾਲ ਗਰਮੀ ਦੇ ਚਲਦਿਆਂ ਆਮ ਲੋਕਾਂ ਵਾਂਗ ਬੀਚ ਉਤੇ ਨਹਾਉਣ ਆਦਿ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ ਕਿ ਆਈਆਂ ਛੱਲਾਂ ਨੇ ਘੇਰ ਲਿਆ ਅਤੇ ਹੱਥ ਛੁੱਟ ਗਿਆ। ਛੋਟੀ ਭੈਣ ਕਿਸੀ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿਚ ਵਹਿ ਗਈ। ਸਿਮਰਪ੍ਰੀਤ ਕੌਰ ਇਥੇ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ।
ਸਿਮਰਪ੍ਰੀਤ ਦਾ ਇਕ ਛੋਟਾ ਭਰਾ ਹੈ। ਬੱਚੀ ਦਾ ਅੰਤਿਮ ਸੰਸਕਾਰ ਕੈਨੇਡਾ ਤੋਂ ਰਿਸ਼ਤੇਦਾਰਾਂ ਦੇ ਆਉਣ ਉਤੇ ਕੀਤਾ ਜਾਣਾ ਹੈ। ਇਸ ਖਬਰ ਦੇ ਨਾਲ ਕਮਿਊਨਿਟੀ ਦੇ ਵਿਚ ਸ਼ੋਕ ਦੀ ਲਹਿਰ ਹੈ।