ਕੈਲਗਰੀ – ਲੱਗਪਗ 23 ਲੱਖ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦਿੱਤੇ ਜਾਣ ਮਗਰੋਂ ਕੈਨੇਡਾ ਭਰ ਵਿੱਚ ਸਿਹਤ ਅਧਿਕਾਰੀਆਂ ਨੇ 28 ਅਜਿਹੇ ਸ਼ੱਕੀ ਕੇਸ ਲੱਭੇ ਹਨ ਜਿਹਨਾਂ ਵਿੱਚ ਬਲੱਡ ਕਲੌਟਸ ਬਣਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੈਨੇਡਾ ਦੇ ਡੈਪਿਉਟੀ ਚੀਫ਼ ਪਬਲਿਕ ਹੈਲਥ ਔਫਿਸਰ ਡਾ. ਹਾਉਅਰਡ ਇੰਜੂ ਦਾ ਕਹਿਣਾ ਹੈ ਕਿ ਇਹਨਾਂ 28 ਵਿੱਚੋਂ 18 ਕੇਸਾਂ ਦੀ ਪੁਸ਼ਟੀ ਹੋ ਗਈ ਹੈ ਤੇ ਬਾਕੀ 10 ਦੀ ਲੈਬ ਰਿਪੋਰਟ ਦੀ ਉਡੀਕ ਹੋ ਰਹੀ ਹੈ। ਬਲੱਡ ਕਲੌਟਸ ਦੇ ਨਾਲ ਨਾਲ ਪਲੇਟਲੈਟਸ ਦੇ ਘਟੇ ਪੱਧਰ ਦੀਆਂ ਸ਼ਿਕਾਇਤਾਂ ਆਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਵੈਕਸਿਨ ਪੋਰਟਫੋਲਿਓ ਨੂੰ ਖੰਘਾਲਿਆ ਜਾ ਰਿਹਾ ਹੈ। ਇਹ ਕੇਸ ਐਲਬਰਟਾ, ਕਿਉਬੈਕ, ਸੈਸਕੈਚੇਵਾਨ, ਨਿਉ ਬ੍ਰੰਜ਼ਵਿਕ, ਨੋਵਾ ਸਕੋਸ਼ੀਆ ਅਤੇ ਓਂਟੈਰੀਓ ਵਿੱਚ ਆਏ ਰਿਪੋਰਟ ਹੋਏ ਹਨ। ਮੌਜੂਦਾ ਸਮੇਂ ਦੇਸ਼ ਭਰ ਵਿੱਚ ਐਸਟ੍ਰਾ-ਜ਼ੈਨੇਕਾ ਦੀ ਪਹਿਲੀ ਡੋਜ਼ ਦਿੱਤੀ ਜਾਣੀ ਬੰਦ ਕਰ ਦਿੱਤੀ ਗਈ ਹੈ।