ਲੁਧਿਆਣਾ, 13 ਦਸੰਬਰ, 2021: ਕੋਈ ਵੀ ਪੰਜਾਬਣ ਧੀ ਜਦ ਉਚੇਰੀ ਪ੍ਰਾਪਤੀ ਕਰਦੀ ਹੈ ਤਾਂ ਚੰਗਾ ਚੰਗਾ ਲੱਗਦਾ ਹੈ ਪਰ ਹੁਣ ਤਾਂ ਪੂਰੇ ਵਿਸ਼ਵ ਦੀ ਹੁਸੀਨ ਤੇ ਜ਼ਹੀਨ ਮੁਟਿਆਰ ਹੀ ਸਾਡੇ ਗੁਰਦਾਸਪੁਰੀਆਂ ਦੀ ਧੀ ਹੈ।
ਹਰਨਾਜ਼ ਸੰਧੂ ਦੇ ਮਿਸ ਯੂਨੀਵਰਸ ਦੀ ਖ਼ਬਰ ਮਿਲੀ ਤਾਂ ਜੀਅ ਕੀਤਾ ਸ਼ਮਸ਼ੇਰ ਨੂੰ ਫ਼ੋਨ ਕਰਾਂ ਤੇ ਮੁਬਾਰਕ ਦਿਆਂ। ਓਨੇ ਚਿਰ ਨੂੰ ਬਟੇਲੇ ਤੋਂ ਹਰਪੁਰਾ ਵਾਸੀ ਇੰਦਰਜੀਤ ਸਿੰਘ ਦਾ ਲਿਖਿਆ ਮਿਲ ਗਿਆ ਬਈ ਇਹ ਤਾਂ ਕੁੜੀ ਹੀ ਆਪਣੇ ਮਾਝੇ ਦੇ ਰਿਆੜਕੀ ਖੇਤਰ ਦੇ ਪਿੰਡ ਕੋਹਾਲੀ ਦੀ ਹੈ।
ਮਾਝੇ ਚ ਕੋਹਾਲੀਆਂ ਵੀ ਦੋ ਨੇ। ਇੱਕ ਲੋਪੋ ਕੇ ਚੁਗਾਵਾਂ ਲਾਗੇ ਸਾਡੇ ਬੇਲੀ ਜਤਿੰਦਰ ਔਲਖ ਵਾਲੀ ਤੇ ਦੂਸਰੀ ਬਟਾਲਾ- ਸ਼੍ਰੀਹਰਗੋਬਿੰਦਪੁਰ ਸੜਕ ਤੇ ਪੰਜ ਗਰਾਈਂ ਟੱਪ ਕੇ।
ਮੈਨੂੰ ਕੌਮੀ ਟੀ ਵੀ ਚੈਨਲਾਂ ਨੇ ਦੱਸਿਆ ਕਿ ਇਹ ਮੁਟਿਆਰ ਚੰਡੀਗੜ੍ਹ ਦੀ ਹੈ। ਉਹ ਵੀ ਸੱਚੇ ਹਨ। ਮਾਪੇ ਚੰਡੀਗੜ੍ਹ ਰਹਿੰਦੇ ਹਨ। ਬੇਟੀ ਗੌਰਮਿੰਟ ਕਾਲਿਜ ਫਾਰ ਵਿਮੈੱਨ ਸੈਕਟਰ 42 ਚ ਐੱਮ ਏ ਲੋਕ ਪ੍ਰਸ਼ਾਸਨ ਕਰ ਰਹੀ ਹੈ।
ਹੋਰ ਵੀ ਚੰਗਾ ਲੱਗਾ ਜਦ ਉਸ ਜਿੱਤਣ ਸਾਰ ਕਿਹਾ
ਇੰਡੀਆ ਚੱਕ ਦੇ ਫੱਟੇ।
ਪੱਤਰਕਾਰ ਮੈਨੂੰ ਪੁੱਛੀ ਜਾਣ ਫੋਨ ਤੇ
ਯਿਹ ਫੱਟੇ ਕਿਆ ਹੋਤਾ ਹੈ?
ਮੈਂ ਕਿੰਨਾ ਹੀ ਚਿਰ ਮੁਹਾਵਰੇ ਦੀ ਵਿਆਖਿਆ ਚ ਲੱਗਾ ਰਿਹਾ।
ਹੁਣ ਗੱਲ ਕਰਾਂ ਕੋਹਾਲੀ ਦੀ। ਹਰਨਾਜ਼ ਸੰਧੂ ਦੇ ਜੱਦੀ ਪਿੰਡ ਦੀ।
ਮੈਨੂੰ ਚੇਤੇ ਆਇਆ ਜਦ ਮੈ ਪੰਜਵੀਂ ਛੇਵੀਂ ਚ ਪੜ੍ਹਦਿਆਂ ਆਪਣੇ ਪਿੰਡੋਂ ਕੋਹਾਲੀ ਬਾਰਾਤ ਗਿਆ ਸਾਂ। 1964-65 ਦੀ ਗੱਲ ਹੋਵੇਗੀ। ਉਦੋਂ ਬਾਰਾਤਾਂ ਰਾਤ ਰਹਿੰਦੀਆਂ ਸਨ। ਅਸੀਂ ਵੀ ਰਹੇ। ਬਾਰਾਤ ਜਾਂਦਿਆਂ ਸਾਰ ਸਾਨੂੰ ਪਿੱਤਲ ਦੀਆਂ ਤਾਸੀਆਂ ਵਿੱਚ ਹਲੂਫ਼ਾ ਪਰੋਸਿਆ ਗਿਆ ਸੀ। ਰੱਜਵਾਂ ਬਦਾਣਾ ਤੇ ਨਮਕੀਨ ਸੇਵੀਆਂ। ਚਾਹ ਪਿੱਤਲ ਦੇ ਗਲਾਸਾਂ ਚ ਭਰ ਭਰ ਪੀਵੋ।
ਰਾਤ ਦੀ ਰੋਟੀ ਵੇਲੇ ਬੱਕਰਾ ਬਣਾਇਆ ਗਿਆ ਸੀ ਸੇਵਾ ਲਈ ਖਾਣਾ। ਬਾਰਾਤ ਨੂੰ ਭੁੰਜੇ ਕਤਾਰ ਬੰਨ੍ਹ ਕੇ ਰੋਟੀ ਖੁਆਈ ਗਈ। ਮਗਰੋਂ ਲੇੜ੍ਹਵਾਂ ਗੁੜ ਦਾ ਕੜਾਹ। ਏਨਾ ਸਵਾਦ ਕਮਾਹ ਮੈਂ ਅੱਜ ਤੀਕ ਨਹੀਂ ਖਾਧਾ।
ਉਹ ਸਵਾਲ ਅਤੇ ਜਵਾਬ ਜਿਸ ਨੇ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਾਇਆ
ਜਦ ਹੱਥ ਧੁਆਉਣ ਮਗਰੋਂ ਮੋਢੇ ਤੇ ਪਰਨਾ ਰੱਖੀ ਲਾਗੂ ਹੱਥ ਪੁੰਝਵਾਉਣ ਆਇਆ ਅਸੀਂ ਆਪਣੇ ਝੱਗੇ ਨਾਲ ਸੁਕਪੁਕਾ ਕਰ ਚੁਕੇ ਸਾਂ।
ਸਵੇਰੇ ਜੰਗਲ ਪਾਣੀ ਲਈ ਖੇਤਾਂ ਚ ਗਏ। ਦਾਤਣ ਕੁਰਲੇ ਲਈ ਕਿੱਕਰ ਤੇ ਫਲਾਹੀ ਦੀਆਂ ਦਾਤਣਾਂ ਪਹਿਲਾਂ ਹੀ ਵੱਢ ਕੇ ਖੂਹ ਦੇ ਲਾਗੇ ਡਾਹੇ ਤਖ਼ਤਪੋਸ਼ ਤੇ ਰੱਖੀਆਂ ਹੋਈਆਂ ਸਨ।
ਉਸ ਪਿੰਡ ਚ ਪਹਿਲੀ ਵਾਰ ਅਨੋਖਾ ਖੂਹ ਵੇਖਿਆ। ਟਿੰਡਾਂ ਤੋਂ ਬਗੈਰ ਬੋਕੀਆਂ ਵਾਲਾ ਖੂਹ। ਬੋਕੀਆਂ ਚੱਲਦੀਆਂ ਸਨ ਭਰ ਕੇ। ਔਲੂ ਚ ਰੱਜ ਕੇ ਨਹਾਤੇ। ਲੀੜੇ ਪਾ ਕੇ ਸਾਰੇ ਬਾਰਾਤੀ ਚਾਹ ਪੀਣ ਬਹਿ ਗਏ। ਦਸ ਵਜੇ ਤੀਕ ਲਾਵਾਂ ਫੇਰੇ ਵੀ ਹੋ ਗਏ।
ਹੁਣ ਤਾਂ ਬਾਰਾਂ ਵਜੇ ਤੀਕ ਅਜੇ ਰੁੱਸਿਆ ਫੁੱਫੜ ਹੀ ਮੰਨਦਾ ਹੈ।
ਸਾਡੇ ਪਿੰਡ ਦੇ ਫੁੱਫੜ ਉਦੋਂ ਬਹੁਤ ਘੱਟ ਰੁੱਸਦੇ ਸਨ। ਦੋ ਤਿੰਨ ਸ਼ਰਾਬੀ ਫੁੱਫੜਾਂ ਦੀ ਚੰਗੀ ਕੰਡਝਾੜ ਹੋ ਗਈ ਦੱਸਦੇ ਨੇ। ਉਹੀ ਚਰਚਾ ਕਈ ਸਾਲ ਫੁੱਫੜਾਂ ਨੂੰ ਸਾਊ ਬਣਾਈ ਰੱਖਣ ਚ ਕਾਮਯਾਬ ਰਹੀ।
ਮੈਨੂੰ ਯਾਦ ਹੈ ਇਸ ਵਿਆਹ ਚ ਲਾਊਡ ਸਪੀਕਰ ਵਾਲੇ ਗਿੱਲਾਂਵਾਲੀਏ ਪਰਧਾਨ ਨੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਤੇ ਨਰਿੰਦਰ ਬੀਬਾ ਦਾ ਗਾਇਆ ਇਹ ਨਵਾਂ ਗੀਤ ਪਹਿਲੀ ਵਾਰ ਵਜਾਇਆ ਸੀ।
ਚਰਖ਼ੀ ਰੰਗੀਲੀ ਦਾਜ ਦੀ
ਮੇਰੇ ਵੀਰ ਨੇ ਵਲੈਤੋਂ ਆਂਦੀ
ਸੋਨੇ ਦਾ ਪੁਆਇਆ ਤੱਕਲਾ
ਉਹਦੇ ਮੁੰਨਿਆਂ ਤੇ ਮੜਘੀ ਹੋਈ ਚਾਂਦੀ।
ਨੀ ਚਰਖ਼ੀ ਰੰਗੀਲੀ ਦਾਜ ਦੀ।
ਫਿਰ ਇੰਦਰਜੀਤ ਹਸਨਪੁਰੀ ਦਾ ਗੀਤ ਚਾਂਦੀ ਰਾਮ ਦੀ ਆਵਾਜ਼ ਵਿਚ ਲਾਇਆ
ਵੇ ਤੂੰ ਬਣ ਕੇ ਕਬੂਤਰ ਚੀਨਾ
ਘਰ ਸਾਡੇ ਪਾ ਲੈ ਆਲ੍ਹਣਾ।
ਕਈ ਸਾਲਾਂ ਬਾਦ ਡਾ. ਮਨਮੋਹਨ ਸਿੰਘ
ਜੀ ਬਾਰੇ ਪਤਾ ਲੱਗਾ ਕਿਉਹ ਵੀ ਕੋਹਾਲੀ ਦੇ ਨੇ ਤਾਂ ਮੈਂ ਉਸ ਬੋਕੀਆਂ ਵਾਲੇ ਖੂਹ ਦਾ ਕਿੱਸਾ ਛੇੜ ਬੈਠਾ।
ਡਾਕਟਰ ਸਾਹਿਬ ਨੇ ਦੱਸਿਆ ਕਿ ਉਬ ਖੂਹ ਉਨ੍ਹਾਂ ਦੇ ਪਰਿਵਾਰ ਨੇ ਲੁਆਇਆ ਸੀ ਨਵਾਂ ਨਵਾਂ ਉਦੋਂ।
ਡਾ. ਮਨਮੋਹਨ ਸਿੰਘ ਜਗਰਾਉਂ ਵਿੱਚ ਸਾਇੰਸ ਕਾਲਿਜ ਦੇ ਡਾਇਰੈਕਟਰ ਸਨ 1977 ਵਿੱਚ। ਮੇਰੀ ਲ ਰ ਮ ਕਾਲਿਜ ਵਿੱਚ ਨੌਕਰੀ ਵੇਲੇ ਚੋਣ ਕਮੇਟੀ ਦੇ ਮੈਂਬਰ ਸਨ। ਮਗਰੋਂ ਡੀ ਪੀ ਆਈ ਕਾਲਿਜਜ ਬਣੇ ਤੇ ਹੋਰ ਮਗਰੋਂ ਆਈ ਏ ਐੱਸ ਬਣ ਕੇ ਪੰਜਾਬ ਦੇ ਸਿੱਖਿਆ ਸਕੱਤਰ ਵਜੋਂ 2005 ਚ ਸੇਵਾ ਮੁਕਤ ਹੋਏ। ਉਹ ਇਸ ਪਿੰਡ ਦੇ ਘੁੰਮਣ ਪਰਿਵਾਰ ਚੋਂ ਸਨ। ਸਾਡੇ ਵਾਂਗੂੰ ਸਿਆਲਕੋਟੀਏ ਪੱਕੇ।
ਹਰਨਾਜ਼ ਦੇ ਬਹਾਨੇ ਕੋਹਾਲੀ ਦੀ ਜ਼ਿਆਰਤ ਹੋ ਗਈ ਪੂਰੇ 57 ਸਾਲ ਬਾਦ। ਮੈਂ ਹਰਨਾਜ਼ ਦੇ ਮਾਪਿਆਂ ਨੂੰ ਨਹੀਂ ਜਾਣਦਾ, ਪਰ ਫਿਰ ਕੀ ਹੋਇਆ?
ਧੀ ਦੇ ਸਰਬਪੱਖੀ ਵਿਕਾਸ ਲਈ ਸਾਰੇ ਰਾਹ ਮੋਕ੍ਹਲੇ ਕਰਨ ਵਾਲੇ ਮਾਪੇ ਜ਼ਿੰਦਾਬਾਦ
ਸੂਰਤ ਰੱਬ ਦੀ ਸੀਰਤ ਪਰਵਰਿਸ਼ ਦੀ।
ਸੁਮੇਲ ਨੂੰ ਸਲਾਮ।
ਮਾਝੇ ਦੀ ਮਿੱਟੀ ਨੂੰ ਲਿਆਕਤੀ ਧਰਤੀ ਬਣਾਉਣ ਚ ਹਰਨਾਜ਼ ਦੇ ਫਾਈਨਲ ਦੌਰ ਚ ਬੋਲੇ ਬੋਲ ਯਾਦਗਾਰੀ ਨੇ
ਔਰਤ ਦੀ ਸ੍ਵੈ ਪਛਾਣ ਵਾਲੇ।
ਮਾਪਿਆਂ ਅਧਿਆਪਕਾਂ ਤੇ ਬੇਟੀ ਨੂੰ ਬਹੁਤ ਸਾਰਾ ਸਤਿਕਾਰ