ਬਠਿੰਡਾ,10ਨਵੰਬਰ2021: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਦਿਨਾਂ ਦੌਰੇ ਨੇ ਆਮ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਿ੍ਹਆ ਹੈ ਜਿਸ ਦਾ ਸਿੱਟਾ ਹੋਰਨਾਂ ਸਿਆਸੀ ਪਾਰਟੀਆਂ ਦੇ ਹਮਾਇਤੀਆਂ ਦੇ ‘ਆਪ’ ’ਚ ਸ਼ਮੂਲੀਅਤ ਦੇ ਰੂਪ ’ਚ ਨਿਕਲਿਆ ਹੈ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਆਪ ਵਰਕਰ ਵੀ ਦੂਸਰੀਆਂ ਪਾਰਟੀਆਂ ’ਚ ਸ਼ਾਮਲ ਨਹੀਂ ਹੋ ਰਹੇ ਬਲਕਿ ਚੋਣਾਂ ਤੋਂ ਪਹਿਲਾਂ ਸਿਆਸੀ ਭੰਨ ਤੋੜ ਤੋਂ ਸ਼ਹਿਰੀ ਹਲਕਾ ਵੀ ਅਛੂਤਾ ਨਹੀਂ ਰਹਿ ਰਿਹਾ ਹੈ।
ਦੂਜੇ ਪਾਸੇ ਹਾਕਮ ਧਿਰ ਖਿਲਾਫ ਸੱਤਾ ਵਿਰੋਧੀ ਲਹਿਰ ਅਤੇ ਅਕਾਲੀ ਦਲ ਦੇ ਵਾਪਸੀ ਪ੍ਰੋਗਰਾਮ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੂੰ ਸਿਆਸੀ ਠਿੱਬੀ ਲਾਉਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ ਜਿਸ ਤੋਂ ਸਪਸ਼ਟ ਹੈ ਕਿ ‘ਪਨਘਟ ਦੀ ਡਗਰ’ ਐਨੀ ਸੌਖੀ ਵੀ ਨਹੀਂ ਹੈ। ਇਸ ਦੇ ਬਾਵਜੂਦ ਹੋਰ ਪਾਰਟੀਆਂ ਦੇ ਆਗੂਆਂ ਦੀ ‘ਆਪ’ ਵਿੱਚ ਆਮਦ ਸ਼ੁਰੂ ਹੋ ਗਈ ਹੈ। ਸ਼ਹਿਰੀ ਹਲਕੇ ਦੇ ਸਿਆਸੀ ਤਾਪਮਾਨ ਨੂੰ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਇਸ ਦਿਸ਼ਾ ’ਚ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ ਜਦੋਂਕਿ ਲੀਗਲ ਸੈਲ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੀ ਹੋਰਨਾਂ ਪਾਰਟੀਆਂ ਦੇ ਵਰਕਰਾਂ ਨੂੰ ਆਪਣੇ ਨਾਲ ਜੋੜਨ ਲਈ ਸਰਗਰਮ ਹਨ।
ਆਪ ਆਗੂ ਆਖਦੇ ਹਨ ਕਿ ਅੱਜ ਪੰਜਾਬ ਦਾ ਜੋ ਹਾਲ ਹੈ ਉਸ ਤੋਂ ਸਭ ਲੋਕ ਭਲੀਭਾਂਤ ਜਾਣੂ ਹਨ। ਪਹਿਲਾਂ ਅਕਾਲੀ ਦਲ ਅਤੇ ਹੁਣ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਸੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜਗਾਰ ਅਤੇ ਨੌਕਰੀਆਂ ਦੀ ਬਜਾਏ ਨਸ਼ਿਆਂ ਦੀ ਭਰਮਾਰ ਕਰਕੇ ਪੰਜਾਬ ਨੂੰ ਬਰਬਾਦ ਕੀਤਾ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਆਗੂਆਂ ਦਾ ਪ੍ਰਤੀਕਰਮ ਹੈ ਕਿ ਸ਼ਹਿਰ ਵਾਸੀਆਂ ਨੇ ਰਵਾਇਤੀ ਸਿਆਸੀ ਪਾਰਟੀਆਂ ਦੀ ਕਾਰਜਸ਼ੈਲੀ ਨੂੰ ਦੇਖ ਲਿਆ ਹੈ ਜੋ ਸ਼ਹਿਰ ਦੇ ਮਸਲੇ ਹੱਲ ਕਰਨ ’ਚ ਪੂਰੀ ਤਰਾਂ ਅਸਫਲ ਰਹੀਆਂ ਹਨ।