ਚੰਡੀਗੜ੍ਹ, 17 ਜੂਨ 2020 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਅਤੇ ਕੁਝ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਦੀ ਕੋਵਿਡ ਮਾਈਕਰੋ ਕੰਟੇਨਮੈਂਟ ਅਤੇ ਘਰ-ਘਰ ਨਿਗਰਾਨੀ ਰਣਨੀਤੀ ਦੀ ਸ਼ਲਾਘਾ ਕਰਦਿਆਂ ਹੋਰ ਸਾਰੇ ਸੂਬਿਆਂ ਨੂੰ ਇਹ ਮਾਡਲ ਅਪਣਾਉਣ ਲਈ ਕਿਹਾ ਜੋ ਮਹਾਂਮਾਰੀ ਦੇ ਫੈਲਣ ਨੂੰ ਕਾਫੀ ਹੱਦ ਤੱਕ ਕਾਬੂ ਕਰਨ ਵਿਚ ਪੰਜਾਬ ਦੀ ਸਹਾਇਤਾ ਕਰ ਰਿਹਾ ਹੈ। ਪੰਜਾਬ ਅਧੀਨ ਸਵੇਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੇ ਮਾਡਲ ਦੀ ਹਮਾਇਤ ਕਰਨਾ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਦਾ ਸੂਚਕ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕੋਵੀਡ -19 ਚੁਣੌਤੀ ਨਾਲ ਰਣਨੀਤਕ ਢੰਗ ਨਾਲ ਨਜਿੱਠਦਿਆਂ ਰਾਸ਼ਟਰੀ ਪੱਧਰ ‘ਤੇ ਆਪਣੀ ਸੂਝਬੂਝ ਨੂੰ ਸਾਬਤ ਕੀਤੀ ਹੈ।
ਚੇਅਰਮੈਨ ਪੀਐਸਐਸਬੀ ਨੇ ਕਿਹਾ ਕਿ ਜਦੋਂ, ਅਪ੍ਰੈਲ ਦੇ ਅਰੰਭ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕੋਵਿਡ -19 ਸਤੰਬਰ ਤੱਕ ਚਲ ਸਕਦਾ ਹੈ, ਕੁੱਝ ਲੋਕਾਂ ਵੱਲੋਂ ਉਹਨਾਂ ਨੂੰ ਡਰ ਪੈਦਾ ਕਰਨ ਵਾਲੇ ਕਿਹਾ ਗਿਆ ਸੀ। ਪਰ ਜਦੋਂ ਹੁਣ ਮਾਹਰਾਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਸਤੰਬਰ ਤੋਂ ਵੀ ਅੱਗੇ ਜਾਰੀ ਜਾ ਸਕਦੀ ਹੈ, ਤਾਂ ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਇਸ ਵਿਸ਼ੇ ਪ੍ਰਤੀ ਮਹਾਰਤ ਅਤੇ ਦੂਰਅੰਦੇਸ਼ੀ ਜ਼ਾਹਰ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਆਲ-ਇੰਡੀਆ ਮਾਮਲਿਆਂ ਵਿੱਚ ਪੰਜਾਬ ਦਾ ਯੋਗਦਾਨ ਇਸ ਸਮੇਂ ਮੌਤ ਦਰ 2.1 ਫੀਸਦੀ ਅਤੇ ਠੀਕ ਹੋਣ ਦੀ 75 ਫੀਸਦੀ ਦਰ ਨਾਲ 1 ਫੀਸਦੀ (3140 ਮਾਮਲਿਆਂ ਵਿੱਚ) ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ 5527 ਟੈਸਟ ਪ੍ਰਤੀ ਮਿਲੀਅਨ, ਆਲ ਇੰਡੀਆ ਦੀ ਔਸਤ 4088 ਦੇ ਮੁਕਾਬਲੇ ਵੀ ਵੱਧ ਹਨ।
ਬਹਿਲ ਨੇ ਕਿਹਾ ਕਿ ਆਉਣ-ਜਾਣ ਵਾਲੇ ਯਾਤਰੀਆਂ ਅਤੇ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਲੋਕਾਂ ਦੇ ਵਧੇਰੇ ਮਿਲਣ ਦੇ ਸਿੱਟੇ ਵਜੋਂ ਮਾਮਲੇ ਵੱਧ ਰਹੇ ਹਨ, ਪਰ ਮਹਾਂਮਾਰੀ ਨਾਲ ਲੜਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਬਹੁ-ਪੱਖੀ ਰਣਨੀਤੀ ਵਿਚ ਸ਼ਾਮਲ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀਆਂ ਵਾਲੇ ਦਿਨ ਲਗਾਈਆਂ ਪਾਬੰਦੀਆਂ, ਜੁਰਮਾਨੇ ਜ਼ਰੀਏ ਸਾਰੇ ਪ੍ਰੋਟੋਕਾਲਾਂ ਨੂੰ ਸਖਤੀ ਨਾਲ ਲਾਗੂ ਕਰਨਾ, ਵੱਡੇ ਖੇਤਰਾਂ ਨੂੰ ਬੰਦ ਕਰਨ ਦੀ ਬਜਾਏ ਛੋਟੇ ਮੁਹੱਲਿਆਂ / ਵਾਰਡਾਂ ਨੂੰ ਆਈਸੋਲੇਟ ਕਰਨਾ ਅਤੇ ਮਿਸ਼ਨ ਫਤਿਹ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਇਸ ਮਹਾਂਮਾਰੀ ਨੂੰ ਰੋਕਣ ਵਿਚ ਬਹੁਤ ਸਹਾਈ ਸਾਬਿਤ ਹੋਣਗੇ।