ਨਵੀਂ ਦਿੱਲੀ, 17 ਜੂਨ 2020 – ਕ੍ਰਿਕਰ ਆਸਟ੍ਰੇਲੀਆ ਦੇ ਚੇਅਰਮੈਨ ਅਰਲ ਏਡਿੰਗਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਟੀ-20 ਵਰਲਡ ਕੱਪ ਕਰਵਾਉਣਾ ਮੁਸ਼ਕਿਲ ਜਾਪ ਰਿਹਾ ਹੈ। ਕਿਉਂਕਿ ਇਸ ਮਹਾਮਾਰੀ ਦੌਰਾਨ ਸਾਰੀਆਂ 16 ਟੀਮਾਂ ਦਾ ਪਹੁੰਚਣਾ ਮੁਸ਼ਕਿਲ ਹੋ ਸਕਦਾ ਹੈ। ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਰਲਡ ਕੱਪ ‘ਤੇ ਆਈਸੀਸੀ ਵੱਲੋਂ ਇਸ ਸਬੰਧੀ ਅਜੇ ਫੈਸਲਾ ਲੈਣਾ ਬਾਕੀ ਹੈ।
ਕੋਰੋਨਾ ਮਹਾਮਾਰੀ ਦੌਰਾਨ ਕਈ ਦੇਸ਼ਾਂ ‘ਚ ਯਾਤਰਾ ‘ਤੇ ਪਾਬੰਦੀਆਂ ਲਾਗੂ ਹਨ। ਏਡਿੰਗਸ ਨੇ ਵੀਡੀਓ ਕਾਨਫਰੰਸ ‘ਤੇ ਕਿਹਾ ਕਿ ਸਾਰੀਆਂ 16 ਟੀਮਾਂ ਨੂੰ ਇੱਥੇ ਲਿਆਉਣਾ ਮੁਸ਼ਕਿਲ ਹੈ ਕਿਉਂਕਿ ਕਈ ਮੁਲਕਾਂ ‘ਚ ਇਸ ਵਾਇਰਸ ਕਾਰਨ ਹਾਲਾਤ ਬੇਹੱਦ ਮਾੜੇ ਹਨ।
ਆਈਸੀਸੀ ਦੀ ਪਿਛਲੇ ਹਫਤੇ ਹੋਈ ਮੀਟਿੰਗ ‘ਚ ਇਸ ਟੂਰਨਾਮੈਂਟ ‘ਤੇ ਫੈਸਲਾ ਇੱਕ ਮਹੀਨੇ ਲਈ ਟਾਲ ਦਿੱਤਾ ਗਿਆ ਸੀ। ਹੁਣ ਸੂਤਰਾਂ ਅਨੁਸਾਰ ਪਤਾ ਲੱਗ ਰਿਹਾ ਹੈ ਕਿ ਇਸ ਟੂਰਨਾਮੈਂਟ ਨੂੰ ਅੱਗੇ ਪਾ ਦਿੱਤਾ ਜਾ ਸਕਦਾ ਹੈ ਅਤੇ ਇਸ ਦੌਰਾਨ ਆਈਪੀਐਲ ਕਰਵਾਇਆ ਜਾਵੇਗਾ। ਆਸਟ੍ਰੇਲੀਆ ਨੇ ਹਲਾਂਕਿ ਮਹਾਮਾਰੀ ‘ਤੇ ਕਾਬੂ ਪਾ ਲਿਆ ਹੈ। ਇੱਥੇ ਸੱਤ ਹਜ਼ਾਰ ਕੇਸ ਸਾਹਮਣੇ ਆਏ ਸਨ ਜਦੋਂ ਕਿ 6000 ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀ ਟੀ-20 ਵਰਲਡ ਕੱਪ ਦੇ ਲਈ ਐਲਾਨ ਕੀਤਾ ਸੀ ਕਿ ਸਟੇਡੀਅਮਾਂ ‘ਚ 40,000 ਲੋਕ ਬੈਠ ਕੇ ਮੈਚ ਦੇਖ ਸਕਦੇ ਹਨ, ਪਰ ਮਹਾਮਾਰੀ ਕਾਰਨ 10,000 ਲੋਕ ਮੈਚ ਦੇਖਣ ਆ ਸਕਦੇ ਹਨ।