ਨਵੀਂ ਦਿੱਲੀ, 27 ਅਗਸਤ, 2020 : ਪੁਲਵਾਮਾ ਹਮਲੇ ਵਿਚ ਸ਼ਾਮਲ ਇਕਲੌਤੀ ਔਰਤ ਨੂੰ ਨੈਸ਼ਨਲ ਇੰਵੈਸਟੀਗੇਟਿੰਗ ਏਜੰਸੀ (ਐਨ ਆਈ ਏ) ਨੇ ਗ੍ਰਿਫਤਾਰ ਕਰ ਲਿਆ ਹੈ। 23 ਸਾਲਾ ਇੰਸ਼ਾ ਜਾਨ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਮੁਹੰਮਦ ਉਮਰ ਫਾਰਕੂ ਜੋ ਪਾਕਿਸਤਾਨ ਦਾ ਬੰਬ ਬਣਾਉਣ ਵਾਲਾ ਅਤਿਵਾਦੀ ਸੀ, ਦੇ ਸੰਪਰਕ ਵਿਚ ਸੀ। ਫਾਰੂਕ ਮਾਰਚ ਮਹੀਨੇ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇੰਸ਼ਾ ਜਾਨ ਦੀ ਪੁੱਛ ਗਿੱਛ ਤੋਂ ਐਨ ਆਈ ਏ ਨੂੰ ਜੈਸ਼ ਏ ਮੁਹੰਮਦ ਦੇ ਉਸ ਅਤਿਵਾਦੀ ਬਾਰੇ ਕਾਫੀ ਜਾਣਕਾਰੀ ਮਿਲੀ ਜੋ ਪਿਛਲੇ ਸਾਲ ਹੋਏ ਆਤਮਘਾਤੀ ਹਮਲੇ ਵਿਚ ਸ਼ਾਮਲ ਸੀ।
ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਐਨ ਆਈ ਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਅਜਿਹੇ ਮੈਸੇਜ ਕੱਢੇ ਹਨ ਜਿਸ ਤੋਂ ਇਹਨਾਂ ਵਿਚਲੀ ਨੇੜਤਾ ਦਾ ਪਤਾ ਚਲਦਾ ਹੈ ਤੇ ਇਸ ਗੱਲ ਜ਼ਿਕਰ ਅਸੀਂ ਆਪਣੀ 13500 ਸਫਿਆਂ ਦੀ ਚਾਰਜਸ਼ੀਟ ਵਿਚ ਵੀ ਕੀਤਾ ਹੈ। ਇੰਸ਼ਾ ਜਾਨ ਦਾ ਪਿਤਾ ਤਾਰਿਕ ਪੀਰ ਵੀ ਇਹਨਾਂ ਦੇ ਸੰਬੰਧਾਂ ਤੋਂ ਜਾਣੂ ਸੀ। ਪਿਓ ਧੀ ਨੇ ਮਿਲ ਕੇ ਉਮਰ ਫਾਰੂਕ, ਸਮੀਰ ਡਾਰ ਤੇ ਆਦਿਲ ਅਹਿਮਦ ਡਾਰ ਨੂੰ ਰਹਿਣ ਲਈ ਥਾਂ ਖਾਣ ਲਈ ਖਾਣਾ ਤੇ ਹੋਰ ਸਹਲੂਲਤਾਂ 15 ਤੋਂ ਵੱਧ ਵਾਰ ਪ੍ਰਦਾਨ ਕੀਤੀਆਂ। ਇਹ ਤਿੰਨ ਅਤਿਵਾਦੀ ਹੀ ਹਮਲੇ ਪਿੱਛੇ ਮੁੱਖ ਸਾਜ਼ਿਸ਼ਕਾਰ ਸਨ। ਇਹ ਤਿੰਨੋਂ ਅਤਿਵਾਦੀ 2018 ਤੋਂ 2019 ਦਰਮਿਆਨ ਕਈ ਵਾਰ ਇਹਨਾਂ ਦੇ ਘਰ ਦੋ ਤੋਂ ਚਾਰ ਦਿਨ ਤੱਕ ਵੀ ਰਹਿੰਦੇ ਰਹੇ। ਯਾਦ ਰਹੇ ਕਿ 14 ਫਰਵਰੀ ਨੂੰ ਪੁਲਵਾਮਾ ਵਿਚ ਸੁਰੱਖਿਆ ਬਲਾਂ ਦੇ ਕਾਫਲੇ ਵਿਚ ਵਿਸਫੋਟਕਾਂ ਨਾਲ ਭਰੀ ਕਾਰ ਜਾ ਵੱਜੀ ਸੀ ਤੇ ਹਮਲੇ ਵਿਚ 40 ਤੋਂ ਵੱਧ ਸੈਨਿਕ ਮਾਰੇ ਗਏ ਸਨ। ਐਨ ਆਈ ਏ ਮੁਤਾਬਕ ਆਦਿਲ ਅਹਿਮਦ ਡਾਰ ਹੀ ਆਤਮਘਾਤੀ ਬੰਬ ਬਣਿਆ ਸੀ।